ਮੇਜਰ ਸਿੰਘ ਮੱਟਰਾਂ
ਭਵਾਨੀਗੜ, 13 ਜੂਨ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡ ਪੰਨਵਾਂ ਵਿੱਚ ਬਲਾਕ ਪ੍ਰਚਾਰ ਸਕੱਤਰ ਕਰਮ ਚੰਦ ਪੰਨਵਾਂ ਦੀ ਅਗਵਾਈ ਹੇਠ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੋਕਣ ਲਈ ਧਰਨਾ ਦਿੱਤਾ ਗਿਆ। ਆਗੂਆਂ ਦੱਸਿਆ ਕਿ ਕਿਸਾਨ ਰਾਜ ਕੁਮਾਰ ਨੇ ਕੁਝ ਸਾਲ ਪਹਿਲਾਂ ਬੁਡਲਾਢਾ ਦੇ ਫਾਇਨਾਂਸਰਾਂ ਤੋਂ ਇੱਕ ਟਰੱਕ ਉੱਤੇ 3.50 ਲੱਖ ਦਾ ਲੋਨ ਲਿਆ ਸੀ ਜਿਸ ਦੌਰਾਨ ਉਨ੍ਹਾਂ ਨੇ ਚੈੱਕ ਲੈ ਲਏ ਸਨ ਅਤੇ ਕਿਸਾਨ ਸਹੀ ਸਮੇਂ ’ਤੇ ਕਿਸ਼ਤ ਭਰ ਰਿਹਾ ਸੀ। ਟਰੱਕ ਦਾ ਐਕਸੀਡੈਂਟ ਹੋਣ ਤੋ ਬਾਅਦ ਕਿਸ਼ਤ ਨਹੀਂ ਭਰੀ ਗਈ। ਸਿਰਫ਼ ਪੰਜਾਹ ਹਜ਼ਾਰ ਬਾਕੀ ਬਚਦੇ ਸਨ। ਫਾਇਨਾਸਰਾਂ ਨੇ ਚੈੱਕ ਭਵਾਨੀਗੜ੍ਹ ਦੇ ਟਰੱਕ ਮਾਲਕ ਜਰਨੈਲ ਸਿੰਘ ਉਰਫ ਭੋਲਾ ਨੂੰ ਦੇ ਦਿੱਤੇ ਜਿਸ ਨੇ ਚੈੱਕ ਕੋਰਟ ਵਿੱਚ ਲਗਾ ਕੇ ਰਾਜ ਕੁਮਾਰ ’ਤੇ ਕੇਸ ਪਾ ਦਿੱਤਾ ਅਤੇ ਚਲਦੇ ਕੇਸ ਦੌਰਾਨ ਰਾਜ ਕੁਮਾਰ ਦੀ 2019 ਦੇ ਵਿੱਚ ਮੌਤ ਹੋ ਗਈ ਸੀ। ਅਦਾਲਤ ਨੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਦੱਸਿਆ ਕਿ ਕਿਸਾਨ ਪਰਿਵਾਰ ਕੋਲ ਸਿਰਫ ਇਕ ਏਕੜ ਜ਼ਮੀਨ ਹੈ। ਕਿਸਾਨ ਨੇ ਸਾਰਾ ਮਸਲਾ ਜਥੇਬੰਦੀ ਕੋਲ ਰੱਖਿਆ ਤਾਂ ਜਥੇਬੰਦੀ ਨੇ ਕਿਸੇ ਵੀ ਕਿਸਾਨ ਮਜ਼ਦੂਰ ਜਾਂ ਦੁਕਾਨਦਾਰ ਦੀ ਕੁਰਕੀ ਨਾ ਹੋਣ ਦਾ ਐਲਾਨ ਕੀਤਾ। ਇਸ ਮੌਕੇ ਬਲਾਕ ਆਗੂ ਕੁਲਦੀਪ ਸਿੰਘ ਲਾਡੀ ਬਖੋਪੀਰ, ਧੰਨਾ ਸਿੰਘ ਪੰਨਵਾਂ ਸਮੇਤ ਕਾਫੀ ਪਿੰਡਾਂ ਦੇ ਕਿਸਾਨ ਮਜ਼ਦੂਰ ਹਾਜ਼ਰ ਸਨ। ਇਸੇ ਦੌਰਾਨ ਮਾਲ ਵਿਭਾਗ ਭਵਾਨੀਗੜ੍ਹ ਦੇ ਅਧਿਕਾਰੀ ਕਿਸੇ ਕਾਰਨ ਕੁਰਕੀ ਕਰਨ ਨਹੀਂ ਪਹੁੰਚ ਸਕੇ।