ਪੱਤਰ ਪੇ੍ਰਕ
ਸ਼ੇਰਪੁਰ, 17 ਨਵੰਬਰ
ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਘਨੌਰੀ ਕਲਾਂ ਅੱਗੇ ਲੋਕਾਂ ਦੀ ਖੱਜਲ-ਖੁਆਰੀ ਵਿਰੁੱਧ ਕਿਸਾਨਾਂ ਨੇ ਬੈਂਕ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਮੰਗ ਕਰ ਰਹੇ ਸਨ ਕਿ ਬੈਂਕ ਲਿਮਟਾਂ ਤੁਰੰਤ ਰੀਨਿਊ ਕੀਤੀਆਂ ਜਾਣ, ਬਿਨਾਂ ਸ਼ਰਤ ਸਕੂਲੀ ਬੱਚਿਆਂ ਦੇ ਖਾਤੇ ਖੋਲ੍ਹੇ ਜਾਣ ਅਤੇ ਅਮਲੇ ਨੂੰ ਮਿਆਰੀ ਭਾਸ਼ਾ ਦੀ ਵਰਤੋਂ ਦੀ ਟ੍ਰੇਨਿੰਗ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਕੇਂਦਰ ਬਿੰਦੂ ਇਸ ਬੈਂਕ ਨਾਲ ਤਕਰੀਬਨ 4 ਹਜ਼ਾਰ ਖਪਤਕਾਰ ਜੁੜੇ ਹੋਏ ਹਨ ਜਦੋਂ ਕਿ ਛੇ ਸੌ ਤੋਂ ਵੱਧ ਕਿਸਾਨਾਂ ਦੀਆਂ ਖੇਤੀਬਾੜੀ ਲਿਮਟਾਂ ਬਣੀਆਂ ਹੋਈਆਂ ਹਨ।
ਇਹ ਮਾਮਲਾ ਉਸ ਸਮੇਂ ਭਖ਼ ਗਿਆ ਜਦੋਂ ਕਿਸਾਨ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਉਹ ਬੀਤੇ ਕੱਲ੍ਹ ਬੈਂਕ ਆਇਆ ਤੇ ਉਸ ਦਾ ਪੰਜਵਾਂ ਨੰਬਰ ਸੀ ਪਰ ਉਸ ਦੇ ਨੰਬਰ ’ਤੇ ਆਕੇ ਲਿਮਟ ਰੀਨਿਊ ਕਰਵਾਉਣ ਦਾ ਕੰਮ ਬੰਦ ਕਰ ਦਿੱਤਾ ਅਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਭਾਸ਼ਾ ਵੀ ਵਰਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਨੇ ਪ੍ਰਧਾਨ ਰਘਵੀਰ ਸਿੰਘ, ਮਾਸਟਰ ਕੁਲਵੰਤ ਸਿੰਘ, ਕਿਸਾਨ ਆਗੂ ਰਤਿੰਦਰ ਰਤਨ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ ਤੇ ਬੈਂਕ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਅੱਗੇ ਲੋਕਾਂ ਦੀ ਇਹ ਵੀ ਸ਼ਿਕਾਇਤ ਸੀ ਸਕੂਲੀ ਬੱਚਿਆਂ ਦੇ ਖਾਤੇ ਖੋਲ੍ਹਣ ਵਿੱਚ ਅਕਸਰ ਆਨਾਕਾਨੀ ਕੀਤੀ ਜਾਂਦੀ ਹੈ ਅਤੇ ਇਸੇ ਪਿੰਡ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸਕੂਲੀ ਬੱਚੇ ਦਾ ਖਾਤਾ ਖੋਲ੍ਹਣ ਲਈ ਉਸ ਦੇ ਪਰਿਵਾਰ ਨੂੰ ਅਦਾਲਤ ਵਿੱਚੋਂ ਮਨਜ਼ੂਰੀ ਲਿਆਉਣ ਲਈ ਕਹਿ ਦਿੱਤਾ। ਅਨਪੜ੍ਹ ਵਿਅਕਤੀਆਂ ਦਾ ਫਾਰਮ ਨਾ ਭਰਨ ਦੀ ਵੀ ਕਾਫ਼ੀ ਖਪਤਕਾਰਾਂ ਨੂੰ ਸ਼ਿਕਾਇਤ ਸੀ ਅਤੇ ਕਈਆਂ ਨੇ ਬੈਂਕ ਦੇ ਸਾਰੇ ਮੁਲਾਜ਼ਮਾਂ ਦੀਆਂ ਉਨ੍ਹਾਂ ਦੇ ਅਹੁਦੇ ਅਨੁਸਾਰ ਜ਼ਿੰਮੇਵਾਰੀਆਂ ਤੈਅ ਕਰਨ ਦੀ ਮੰਗ ਵੀ ਉਠਾਈ। ਇਸ ਮੌਕੇ ਸਹਾਇਕ ਮੈਨੇਜਰ ਨੇ ਹਾਜ਼ਰੀਨ ਦੀ ਰਿਜਨਿੰਗ ਅਫ਼ਸਰ ਨਾਲ ਗੱਲ ਕਰਵਾਈ ਜਿਸ ਮਗਰੋਂ ਸ਼ਾਂਤ ਹੋਏ ਕਿਸਾਨਾਂ ਨੇ ਬੈਂਕ ਅਧਿਕਾਰੀਆਂ ਨੂੰ ਆਪਣੇ ਕੰਮ ਢੰਗ ’ਚ ਸੁਧਾਰ ਲਈ 19 ਨਵੰਬਰ ਤੱਕ ਦਾ ਸਮਾਂ ਦਿੱਤਾ। ਕਿਸਾਨ ਆਗੂ ਰਘਵੀਰ ਸਿੰਘ ਨੇ ਜਨਤਕ ਐਲਾਨ ਕਰਦਿਆਂ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਵਿੱਚ ਬੈਂਕ ਦੇ ਮੁਲਾਜ਼ਮਾਂ ਦੀ ਨਫ਼ਰੀ ਵਿੱਚ ਵਾਧਾ ਕਰਕੇ ਬੈਂਕ ਨੇ ਕਿਸਾਨ ਲਿਮਟਾਂ ਸਮੇਤ ਹੋਰ ਕੰਮਾਂ ਨੂੰ ਨਾ ਸੁਧਾਰਿਆ ਤਾਂ ਬੈਂਕ ਨੂੰ ਤਾਲਾ ਲਗਾਏ ਜਾਣ ਵਰਗੇ ਤਿੱਖੇ ਐਕਸ਼ਨ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ ਹੈ। ਇਸ ਮੌਕੇ ਸਾਬਕਾ ਸਰਪੰਚ ਜ਼ੋਰਾ ਸਿੰਘ, ਕਿਸਾਨ ਜਗਤਾਰ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ। ਸੰਪਰਕ ਕਰਨ ’ਤੇ ਐਸਬੀਆਈ ਦੇ ਰਿਜਨਿੰਗ ਅਧਿਕਾਰੀ ਸ਼ਾਮ ਅਰੋੜਾ ਨੇ ਕਿਹਾ ਕਿ ਉਹ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ ਵਿਉਂਤਬੰਦੀ ਕਰਕੇ ਮਸਲੇ ਦਾ ਹੱਲ ਕਰਨਗੇ।