ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਦਸੰਬਰ
ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਅਤੇ ਮਸਲਿਆਂ ਦੀ ਪੂਰਤੀ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਇੱਥੇ ਡੀ.ਸੀ. ਦਫ਼ਤਰ ਅੱਗੇ ਦਿਨ-ਰਾਤ ਦਾ ਧਰਨਾ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਜੇਲ੍ਹ ਰੋਡ ਦਾ ਇੱਕ ਪਾਸਾ ਤਿੰਨ ਦਿਨਾਂ ਤੋਂ ਬੰਦ ਹੈ।
ਕਿਸਾਨਾਂ ਨੇ ਟਰਾਲੀਆਂ ’ਤੇ ਤਰਪਾਲਾਂ ਪਾਈਆਂ ਹੋਈਆਂ ਹਨ ਤੇ ਉਹ ਹੱਡ ਚੀਰਵੀਂ ਠੰਢ ਦੇ ਬਾਵਜੂਦ ਰਾਤ ਨੂੰ ਵੀ ਇੱਥੇ ਹੀ ਡੇਰਾ ਲਾਉਂਦੇ ਹਨ। ਧਰਨੇ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਨੇ ਕਿਹਾ ਕਿ ਯੂਨੀਅਨ ਨੇ ਡੀ.ਸੀ. ਦਫਤਰ ਰਾਹੀਂ ਸਰਕਾਰ ਕੋਲ ਅੱਜ ਵੀ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੀਆਂ ਸਾਂਝੀਆਂ ਸੂਬਾਈ ਮੰਗਾਂ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਕੁਝ ਸਥਾਨਕ ਪੱਧਰ ਦੀਆਂ ਮੰਗਾਂ ਵੀ ਹਨ, ਜਿਸ ਤਹਿਤ ਅੱਜ ਇੱਥੇ ਯੂਨੀਅਨ ਦੇ ਇੱਕ ਵਫ਼ਦ ਦੀ ਜ਼ਿਲ੍ਹੇ ਦੇ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ ਅਤੇ ਕਈ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਗਈ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਭਾਕਿਯੂ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਪੰਜ ਦਿਨਾਂ ਤੱਕ ਦਿੱਤੇ ਜਾ ਰਹੇ ਪੱਕੇ ਰੋਸ ਧਰਨਿਆਂ ਦੇ ਤੀਜੇ ਦਿਨ ਵੀ ਠੰਢ ਦੇ ਬਾਵਜੂਦ ਹਜ਼ਾਰਾਂ ਕਿਸਾਨ ਰੋਸ ਧਰਨੇ ’ਤੇ ਡਟੇ ਰਹੇ ਅਤੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਸੁਰ ਵਿੱਚ ਆਵਾਜ਼ ਬੁਲੰਦ ਕੀਤੀ। ਭਾਵੇਂ ਕਿ ਅੱਜ ਵੀ ਡੀ.ਸੀ. ਦਫ਼ਤਰ ਦੇ ਤਿੰਨੋਂ ਗੇਟਾਂ ਦਾ ਘਿਰਾਓ ਕੀਤਾ ਜਾਣਾ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ 23 ਦਸੰਬਰ ਨੂੰ ਸਵੇਰੇ 9 ਵਜੇ ਜਥੇਬੰਦੀ ਨੂੰ ਮੀਟਿੰਗ ਸਬੰਧੀ ਲਿਖਤੀ ਪੱਤਰ ਮਿਲਣ ਤੋਂ ਬਾਅਦ ਘਿਰਾਓ ਮੁਲਤਵੀ ਕਰ ਦਿੱਤਾ ਗਿਆ। ਅੱਜ ਵੀ ਧਰਨੇ ਵਿਚ ਵੱਡੀ ਗਿਣਤੀ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਚੱਲ ਰਹੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਜਨਕ ਸਿੰਘ ਭੂਟਾਲ, ਜਸਵਿੰਦਰ ਸਿੰਘ ਸੋਮਾ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕਰ ਕੇ ਸੱਤਾ ਹਾਸਲ ਕੀਤੀ। ਸਮੁੱਚੇ ਕਿਸਾਨਾਂ ਦਾ ਸਾਰਾ ਕਰਜ਼ਾ ਮੂਆਫ਼ ਕਰਨ ਦੇ ਵਾਅਦਿਆਂ ਤੋਂ ਵੀ ਸਰਕਾਰ ਭੱਜ ਗਈ ਅਤੇ ਆਪਣਾ ਸਾਰਾ ਕਾਰਜਕਾਲ ਝੂਠੇ ਲਾਰਿਆਂ ਵਿਚ ਹੀ ਲੰਘਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ’ਚ ਵਾਅਦਾਖ਼ਿਲਾਫ਼ੀ ਅਤੇ ਆਪਣੇ ਹੱਕਾਂ ਲਈ ਸੰਘਰਸ਼ੀ ਜੋਸ਼ ਅਤੇ ਉਤਸ਼ਾਹ ਬਰਕਰਾਰ ਹੈ। ਪੰਜਾਬ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਕਾਰਵਾਈ ਕਰਨੀ ਚਾਹੀਦੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਬਦਲੇ ਐਲਾਨਿਆ 17 ਹਜ਼ਾਰ ਰੁਪਏ ਪ੍ਰਤੀ ਏਕੜ ਮੂਆਵਜ਼ਾ ਤੁਰੰਤ ਦਿੱਤਾ ਜਾਵੇ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਤਿੰਨ ਲੱਖ ਰੁਪਏ ਮੂਆਵਜ਼ਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਗੰਨੇ ਦਾ ਭਾਅ 360/-ਰੁਪਏ ਤੁਰੰਤ ਲਾਗੂ ਕੀਤਾ ਜਾਵੇ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਦੋ ਲੱਖ ਰੁਪਏ ਦੇ ਕਰਜ਼ੇ ਮੂਆਫ਼ ਕੀਤੇ ਜਾਣ, ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ। ਧਰਨੇ ਨੂੰ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਕਿਰਪਾਲ ਸਿੰਘ ਧੂਰੀ, ਬਲਵੀਰ ਸਿੰਘ ਕੌਹਰੀਆਂ, ਅਜੈਬ ਸਿੰਘ ਲੱਖੇਵਾਲ, ਸ਼ੇਰ ਸਿੰਘ ਮਹੋਲੀ, ਕੁਲਵਿੰਦਰ ਸਿਘ ਭੂਦਨ, ਬਹਾਦਰ ਸਿੰਘ ਭੁਟਾਲ, ਦਰਸ਼ਨ ਸਿੰਘ ਅਮਰਗੜ੍ਹ, ਹਰਬੰਸ ਸਿੰਘ ਲੱਡਾ ਤੇ ਸੁਖਦੇਵ ਸਿੰਘ ਕੜੈਲ ਨੇ ਸੰਬੋਧਨ ਕੀਤਾ।
ਧੂਰੀ (ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਧੂਰੀ ਨੇੜਲੇ ਪਿੰਡ ਲੱਡਾ ਕੋਲ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਜਸਪਾਲ ਸਿੰਘ ਸਿੰਘ ਪੇਧਨੀ ਦੀ ਅਗਵਾਈ ਹੇਠ ਜਾਰੀ ਰਿਹਾ। ਆਗੂਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁੱਖਜੀਤ ਸਿੰਘ ਲੱਡਾ, ਰਾਮ ਸਿੰਘ , ਗੁਰਮੀਤ ਕੌਰ ਬੇਨੜਾ, ਹਮੀਰ ਸਿੰਘ, ਅਜੈਬ ਸਿੰਘ ਪੁੰਨਾਵਾਲ, ਕੁਲਵਿੰਦਰ ਕੌਰ ਲੱਡਾ, ਹਰਬੰਸ ਸਿੰਘ ਪੇਧਨੀ ਹਾਜ਼ਰ ਸਨ।