ਬੀਰਬਲ ਰਿਸ਼ੀ
ਸ਼ੇਰਪੁਰ, 11 ਅਕਤੂਬਰ
ਖੇਤੀਵਾੜੀ ਮੋਟਰਾਂ ਨੂੰ ਨਿਰਧਾਰਤ ਬਹੁਤ ਘੱਟ ਬਿਜਲੀ ਸਪਲਾਈ ਦੇਣ ਖ਼ਿਲਾਫ਼ ਅੱਜ ਦੇਰ ਸ਼ਾਮ ਕਿਸਾਨਾਂ ਨੇ 66 ਕੇਵੀ ਗਰਿੱਡ ਘਨੌਰੀ ਕਲਾਂ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ ਉਠਾਈ। ਬੀਕੇਯੂ ਏਕਤਾ ਉਗਰਾਹਾਂ ਦੇ ਰਘਵੀਰ ਸਿੰਘ ਘਨੌਰੀ, ਕਿਸਾਨ ਆਗੂ ਭਰਪੂਰ ਸਿੰਘ ਕੌਰਾ, ਸਾਬਕਾ ਵਿਦਿਆਰਥੀ ਆਗੂ ਬਿੰਦਰ ਸਿੰਘ ਅਤੇ ਪੰਚ ਹਰਮੇਲ ਸਿੰਘ ਦੀ ਅਗਵਾਈ ਹੇਠ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਗਰਿੱਡ ਤੋਂ ਚਲਦੇ ਦਿਆਲਦਾਸ ਫੀਡਰ ‘ਤੇ ਪਿਛਲੇ ਇੱਕ ਹਫ਼ਤੇ ਵਿੱਚ ਮਹਿਜ਼ ਅੱਠ ਕੁ ਘੰਟੇ ਹੀ ਬਿਜਲੀ ਸਪਲਾਈ ਆਈ ਹੈ ਜਿਸ ਕਰਕੇ ਹਾਲੇ ਬਹੁਤੇ ਕਿਸਾਨਾਂ ਦੇ ਪਛੇਤੇ ਝੋਨੇ ਨੂੰ ਪਾਣੀ ਵੀ ਪੂਰਾ ਨਹੀਂ ਰਿਹਾ। ਇਸੇ ਤਰ੍ਹਾਂ ਖੇਤਵਾੜੀ ਦੇ ਘਨੌਰੀ ਫੀਡਰ ’ਤੇ 7 ਨੂੰ ਬਿਜਲੀ ਸਪਲਾਈ ਨਹੀਂ ਮਿਲੀ, 8 ਅਕਤੂਬਰ ਨੂੰ 6 ਘੰਟੇ, 9 ਅਕਤੂਬਰ ਨੂੰ ਬਿਜਲੀ ਸਪਲਾਈ ਨਹੀਂ ਮਿਲੀ, 10 ਅਕਤੂਬਰ ਨੂੰ 7.30 ਘੰਟੇ ਅਤੇ 11 ਨੂੰ ਸ਼ਾਮ ਤੱਕ ਬਿਜਲੀ ਸਪਲਾਈ ਨਹੀਂ ਦਿੱਤੀ ਗਈ। ਲੋਕਾਂ ਦਾ ਦੋਸ਼ ਸੀ ਕਿ ਇਸੇ ਗਰਿੱਡ ਤੋਂ ਇੱਕ ਅਜਿਹਾ ਫੀਡਰ ਵੀ ਹੈ ਜਿੱਥੇ ਕਈ ਘੰਟਿਆਂ ਦੀ ਸਪਲਾਈ ਅਗਾਉਂ ਵੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਕਿਸਾਨ ਸੰਘਰਸ਼ਾਂ ਨੂੰ ਫੇਲ੍ਹ ਕਰਨ ਲਈ ਕਦੇ ਥਰਮਲਾਂ ਕੋਲ ਕੋਲੇ ਦੀ ਘਾਟ ਅਤੇ ਕਦੇ ਡੀਏਪੀ ਦੀ ਘਾਟ ਦਾ ਰੋਣਾ ਰੌਂਦੀ ਹੈ ਪਰ ਜੇ ਸਰਕਾਰ ਨੇ ਕਿਸਾਨਾਂ ਨੂੰ ਪੂਰੀ ਸਪਲਾਈ ਨਾ ਦਿੱਤੀ ਤਾਂ ਗਰਿੱਡ ਦਾ ਘੇਰਾਓ ਕੀਤਾ ਜਾਵੇਗਾ। ਗਰਿੱਡ ਦੇ ਅਮਲੇ ਨੇ ਕਿਹਾ ਕਿ ਉਹ ਪੀਸੀ ਦੇ ਹੁਕਮਾਂ ਮੁਤਾਵਿਕ ਹੀ ਸਪਲਾਈ ਦੇ ਰਹੇ ਹਨ ਜਿਸਦਾ ਉਨ੍ਹਾਂ ਕੋਲ ਪੂਰਾ ਰਿਕਾਰਡ ਮੌਜੂਦ ਹੈ। ਪਾਵਰਕੌਮ ਦੇ ਐਕਸੀਅਨ ਧੂਰੀ ਮਨੋਜ ਕੁਮਾਰ ਨੇ ਸੰਪਰਕ ਕਰਨ ‘ਤੇ ਕਿਹਾ ਕਿ ਪੂਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ।