ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੂਨ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਵਿਚ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵਰ੍ਹਦਿਆਂ ਦੋਸ਼ ਲਾਇਆ ਕਿ ਭਾਜਪਾ ਪੰਜਾਬ ਦਾ ਮਾਹੌਲ ਵਿਗਾੜਨ ਦੇ ਯਤਨ ਕਰ ਰਹੀ ਹੈ ਜਿਸ ਤੋਂ ਪੰਜਾਬ ਦੇ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਕੋਈ ਆਂਚ ਨਾ ਆਵੇ।
31 ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਪੱਕਾ ਰੋਸ ਧਰਨਾ 246 ਦਿਨਾਂ ਤੋਂ ਲਗਾਤਾਰ ਜਾਰੀ ਹੈ ਜਦੋਂ ਕਿ ਭਾਕਿਯੂ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਇੱਥੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਪੱਕੇ ਰੋਸ ਧਰਨੇ ’ਤੇ ਬੀਬੀਆਂ ਤੇ ਕਿਸਾਨ ਡੱਟੇ ਹੋਏ ਹਨ। ਧਰਨੇ ਨੂੰ ਹਰਮੇਲ ਸਿੰਘ ਮਹਿਰੋਕ, ਮੋਹਨ ਲਾਲ ਸੁਨਾਮ , ਰਾਮ ਸਿੰਘ ਸੋਹੀਆਂ, ਇੰਦਰਪਾਲ ਸਿੰਘ ਪੁੰਨਾਂਵਾਲ ਤੇ ਨਰੰਜਣ ਸਿੰਘ ਚੁਨਾਗਰਾ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ (ਏਕਤਾ ਉਗਰਾਹਾਂ) ਦੇ ਧਰਨੇ ਨੂੰ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ ਤੇ ਕਰਮਜੀਤ ਸਿੰਘ ਮੰਗਵਾਲ ਆਦਿ ਨੇ ਸੰਬੋਧਨ ਕੀਤਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਲਹਿਲ ਖੁਰਦ ਪਿੰਡ ਦੇ ਨਾਲ ਲੱਗਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਪੱਕਾ ਮੋਰਚਾ 245ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸ੍ਰੀ ਪਿਸ਼ੌਰ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ’ਤੇ ਬੀਕੇਯੂ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਵੱਡੇ ਇਕੱਠ ਕਰ ਕੇ 5 ਜੂਨ ਨੂੰ ਐੱਸਡੀਐੱਮ ਲਹਿਰਾਗਾਗਾ ਅਤੇ ਮੂਣਕ ਦਫ਼ਤਰ ਅੱਗੇ ਖੇਤੀ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਤੇ ਮੋਦੀ ਹਕੂਮਤ ਦੇ ਪੁਤਲੇ ਬਣਾ ਕੇ ਫੂਕੇ ਜਾਣਗੇ। ਉਨ੍ਹਾਂ ਕਿਰਤੀਆਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਅਰਥੀ ਫੂਕ ਰੋਸ ਮੁਜ਼ਾਹਰੇ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋੋਂ ਅੱਜ ਨੇੜਲੇ ਪਿੰਡ ਲੱਖੇਵਾਲ ਵਿZu ਬਲਾਕ ਪ੍ਰਧਾਨ ਅਜਾਇਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਔਰਤਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਨਵਜੋਤ ਕੌਰ ਚੰਨੋ ਨੇ ਕਿਹਾ ਕਿ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਲਗਾਏ ਗਏ ਮੋਰਚੇ ਦੇ ਬਾਵਜੂਦ ਮੋਦੀ ਸਰਕਾਰ ਅਜੇ ਤੱਕ ਅੜੀਅਲ ਰਵੱਈਆ ਧਾਰੀ ਬੈਠੀ ਹੈ। ਉਨ੍ਹਾਂ ਕਿਸਾਨ ਬੀਬੀਆਂ ਨੂੰ ਮੋਰਚੇ ਦੀ ਸਫਲਤਾ ਲਈ ਔਰਤਾਂ ਨੂੰ ਮਾਈ ਭਾਗੋ ਵਾਂਗ ਕਿਸਾਨ ਸੰਘਰਸ਼ ’ਚ ਹੋਰ ਵਧ-ਚੜ੍ਹ ਕੇ ਯੋਗਦਾਨ ਪਾਉਣ ਦਾ ਹੋਕਾ ਦਿੱਤਾ।
ਧੂਰੀ (ਖੇਤਰੀ ਪ੍ਰਤੀਨਿਧ): ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮਨਾਉਣ ਲਈ ਬੀਕੇਯੂ (ਏਕਤਾ ਉਗਰਾਹਾਂ) ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਲੱਗਾ ਧਰਨਾ ਕਿਰਪਾਲ ਸਿੰਘ ਧੂਰੀ ਦੀ ਅਗਵਾਈ ਹੇਠ 245ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।