ਸ਼ੇਰਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਹਲਕਾ ਧੂਰੀ ਸਮੇਤ ਤਿੰਨ ਹਲਕਿਆਂ ਦੇ ਕਿਸਾਨਾਂ ਵੱਲੋਂ ਨਹਿਰੀ ਪਾਣੀ ਸਬੰਧੀ ਉਠਾਈ ਮੰਗ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਨਹਿਰੀ ਵਿਭਾਗ ਦੇ ਚੀਫ ਇੰਜਨੀਅਰ ਨੂੰ ਇਲਾਕੇ ਦਾ ਦੌਰਾ ਕਰਕੇ ਸਾਰੇ ਮਾਮਲੇ ਨੂੰ ਜ਼ਮੀਨੀ ਪੱਧਰ ‘ਤੇ ਜਾਚਣ-ਵਾਚਣ ਸਬੰਧੀ ਕਹਿਣਗੇ। ਅੱਜ ਡੇਰਾ ਸੁਲਤਾਨਪੁਰ ਵਿਖੇ ਬਾਬਾ ਗੰਗਾ ਦਾਸ ਦੀ 16ਵੀਂ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ, ਓਐਸਡੀ ਪ੍ਰੋਫੈਸਰ ਓਂਕਾਰ ਸਿੰਘ, ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸੋਕ ਕੁਮਾਰ ਲੱਖਾ ਨਤਮਸਤਕ ਹੋਣ ਲਈ ਆਏ ਸਨ ਜਿੰਨ੍ਹਾਂ ਦਾ ਮੌਜੂਦਾ ਡੇਰਾ ਮੁਖੀ ਸੰਤ ਬਾਬਾ ਪੂਰਨ ਸਿੰਘ ਨੇ ਵਿਸ਼ੇਸ਼ ਸਨਮਾਨ ਕੀਤਾ। ਪਿੰਡ ਸੁਲਤਾਨਪੁਰ ਦੇ ਸਰਪੰਚ ਗੁਰਦੀਪ ਸਿੰਘ ਵੱਲੋਂ ਸਵੇਰੇ ਪੰਜ ਕੁ ਵਜੇ ਬਰਨਾਲਾ ਤੋਂ ਅੰਮ੍ਰਿਤਸਰ ਤੱਕ ਚਲਦੀ ਬੱਸ ਨੂੰ ਇਤਿਹਾਸਕ ਪਿੰਡ ਮੂਲੋਵਾਲ ਤੋਂ ਚਲਾਉਣ ਦੀ ਉਠਾਈ ਮੰਗ ਸਬੰਧੀ ਓਐੱਸਡੀ ਨੇ ਇਹ ਮੰਗ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੇ ਵੀ ਸੰਕੇਤ ਦਿੱਤੇ। -ਪੱਤਰ ਪ੍ਰੇਰਕ