ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਨਾਲ ਤਾਲਮੇਲ ਵਜੋਂ ਛਾਜਲੀ ਵਿੱਚ ਅਡਾਨੀ ਦੇ ਸਾਇਲੋ ਗੁਦਾਮ, ਬਲਾਕ ਲਹਿਰਾਗਾਗਾ ਦੇ ਰਿਲਾਇੰਸ ਪੰਪ ਦੇ 19 ਪਿੰਡਾ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ’ਚ ਸਤਵੇਂ ਦਿਨ ਵੀ ਧਰਨੇ ਲਾਏ ਗਏ।
ਦਰਬਾਰਾ ਸਿੰਘ ਨੇ ਦੱਸਿਆ ਕਿ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਜਥੇਬੰਦੀਆਂ ਦੀ ਸਾਂਝੀ ਮੀਟਿੰਗ ’ਚ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ, ਲੀਲਾ ਸਿੰਘ ਚੋਟੀਆਂ ਤੇ ਸੂਬਾ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਮੌਜੂਦਾ ਘੋਲਲ ਦੇ ਦੋ ਹੋਰ ਸ਼ਹੀਦਾਂ ਵਜ਼ੀਰ ਸਿੰਘ ਕਿਸ਼ਨਗੜ੍ਹ (ਮਾਨਸਾ) ਭਾਕਿਯੂ ਏਕਤਾ (ਉਗਰਾਹਾਂ) ਤੇ ਯਸ਼ਪਾਲ ਸਿੰਘ ਸਿੰਘ ਮਹਿਲ ਕਲਾਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਦੋਨਾਂ ਨੂੰ ਅੱਜ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ। ਉਨ੍ਹ੍ਵਾਂ ਕਿਸਾਨਾਂ ’ਤੇ ਸਿਰਸਾ ’ਚ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸ਼ਖ਼ਤ ਨਿਖੇਧੀ ਕੀਤੀ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਿਰੁੱਧ ਲਾਏ ਮੋਰਚੇ ਦੀ ਹਮਾਇਤ ਕੀਤੀ। ਉਨ੍ਹਾਂ ਹਾਥਰਸ ਯੂਪੀ ’ਚ ਭਾਜਪਾ ਦੀ ਯੋਗੀ ਸਰਕਾਰ ਦੀ ਸ਼ਹਿ ਵਾਲੇ ਗੁੰਡਿਆਂ ਵੱਲੋਂ ਦਲਿਤ ਲੜਕੀ ਨਾਲ ਬਲਾਤਕਾਰ ਕਤਲ ਕਰਨ ਦੀ ਨਿਖੇਧੀ ਕੀਤੀ। ਧਰਨਿਆਂ ਵਾਲੀਆਂ ਥਾਂਵਾਂ ’ਤੇ ਰੋਜ਼ਾਨਾ ਨਰਿੰਦਰ ਮੋਦੀ ਤੇ ਕਾਰਪੋਰੇਟਾਂ ਦੇ ਫੋਟੋ ਬੋਰਡ ਬਣਾ ਕੇ ਧਰਨਾਕਾਰੀਆਂ ਵੱਲੋਂ ਛਿੱਤਰ ਪ੍ਰੇਡ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸਾਂਝੇ ਘੋਲ਼ ਦਾ ਨਿਸ਼ਾਨਾ ਲੁਟੇਰੇ ਕਾਰਪੋਰੇਟਾਂ ਤੇ ਭਾਜਪਾ ਗੱਠਜੋੜ ਨੂੰ ਜਨਤਕ ਕਰਨਾ ਹੈ।