ਬੀਰਬਲ ਰਿਸ਼ੀ
ਧੂਰੀ, 2 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਬੈਠੇ ਕਿਸਾਨਾਂ ਨੇ ਮੰਗਾਂ ਮੰਨਣ ਮਗਰੋਂ ਅੱਜ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਇਹ ਐਲਾਨ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਨੇ ਕੀਤਾ।
ਇਸ ਦੌਰਾਨ ਉਨ੍ਹਾਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੰਡੀਆਂ ਵਿੱਚੋਂ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣਾ ਝੋਨਾ ਮੰਡੀ ਵਿੱਚ ਲਿਆਉਣ ਦੁੱਭਰ ਹੋਇਆ ਪਿਆ ਸੀ ਅਤੇ ਫਿਰ ਮੰਡੀ ਵਿੱਚ ਆਏ ਝੋਨੇ ਨੂੰ ਖਰੀਦ ਏਜੰਸੀਆਂ ਦੇ ਅਧਿਕਾਰੀ ਨੱਕ-ਬੁੱਲ੍ਹ ਮਾਰਦੇ ਹੋਏ ਸਰਕਾਰੀ ਮਾਪਦੰਡਾਂ ਦੇ ਘੇਰੇ ’ਚ ਆਉਣਾ ਝੋਨਾ ਵੀ ਛੱਡ ਜਾਂਦੇ ਸਨ। ਪੇਧਨੀ ਨੇ ਦੱਸਿਆ ਕਿ ਹੁਣ ਲਿਫਟਿੰਗ ਵਿੱਚ ਵੀ ਤੇਜ਼ੀ ਆਈ ਹੈ ਅਤੇ ਦੋ ਦਿਨਾਂ ਤੋਂ ਉਨ੍ਹਾਂ ਜਾਇਜ਼ ਢੇਰੀਆਂ ਦੀ ਬੋਲੀ ਖੁਦ ਮੰਡੀ ਵਿੱਚ ਜਾ ਕੇ ਕਰਵਾਈ ਹੈ। ਉਂਜ ਕਿਸਾਨਾਂ ਦੇ ਧਰਨੇ ਵਿੱਚ ਖਾਸ ਤੌਰ ’ਤੇ ਪੁੱਜੇ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ’ਤੇ ਮੁਦਈ ਬਣਕੇ ਪਹਿਲਾ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਕਿਸਾਨ ਧਰਨੇ ਨੂੰ ਜਥੇਬੰਦੀ ਦੇ ਮੋਹਰੀ ਆਗੂ ਬਲਵੰਤ ਸਿੰਘ ਘਨੌਰੀ, ਬਾਬੂ ਸਿੰਘ ਮੂਲੋਵਾਲ, ਕਰਮਜੀਤ ਸਿੰਘ ਬੇਨੜਾ, ਜ਼ੋਰਾ ਸਿੰਘ ਕੰਧਾਰਗੜ੍ਹ, ਕਰਮਜੀਤ ਸਿੰਘ ਭਲਵਾਲ ਆਦਿ ਨੇ ਸੰਬੋਧਨ ਕੀਤਾ।