ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਰੇਲਵੇ ਸਟੇਸ਼ਨ ਸੰਗਰੂਰ ’ਤੇ ਅੱਜ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਜਿੱਥੇ ਕੱਲ੍ਹ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਦਿੱਲੀ ਵਿੱਚ ਹੋਈ ਮੀਟਿੰਗ ’ਚ ਅੰਦੋਲਨ ਨੂੰ ਤੇਜ਼ ਕਰਨ ਦੇ ਸੱਦੇ ਦੀ ਚਰਚਾ ਹੋਈ, ਉੱਥੇ ਮੋਦੀ ਸਰਕਾਰ ਵੱਲੋਂ ਮਾਲ ਗੱਡੀਆਂ ਬੰਦ ਕਰਨ ਦੇ ਮਸਲੇ ’ਤੇ ਵੀ ਕੇਂਦਰ ਸਰਕਾਰ ਦੀ ਭਾਰੀ ਨਿਖੇਧੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਅਤਵਾਰ ਸਿੰਘ ਬਾਦਸ਼ਾਹਪੁਰ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਸਕੱਤਰ ਜਰਨੈਲ ਸਿੰਘ ਜਨਾਲ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਹਰਮੇਲ ਸਿੰਘ ਮਹਿਰੋਕ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਆਗੂ ਹਰਨੇਕ ਸਿੰਘ ਬਮਾਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਤੇ ਅੜੀਅਲ ਵਤੀਰੇ ਖ਼ਿਲਾਫ਼ ਪੂਰੇ ਦੇਸ਼ ਦੇ ਕਿਸਾਨ ਇੱਕ ਜੁੱਟ ਹੋ ਚੁੱਕੇ ਹਨ, ਕੱਲ੍ਹ ਦਿੱਲੀ ਵਿੱਚ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਹੈ ਕਿ 5 ਨਵੰਬਰ ਨੂੰ ਪੂਰੇ ਦੇਸ਼ ਦੇ ਮੁੱਖ ਸੜਕ ਮਾਰਗ 12 ਤੋਂ 4 ਵਜੇ ਤੱਕ ਜਾਮ ਰਹਿਣਗੇ ਤੇ ਉਸ ਤੋਂ ਬਾਅਦ ਪੂਰੇ ਦੇਸ਼ ਭਰ ’ਚ ਤਿਆਰੀ ਕਰਨ ਤੋਂ ਬਾਅਦ 26 ਤੇ 27 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਵੱਡਾ ਅੰਦੋਲਨ ਕੀਤਾ ਜਾਵੇਗਾ ਤੇ ਰੋਕਣ ਤੇ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਬਦੌਲਤ ਛੱਤੀਸਗੜ੍ਹ ਦੀ ਸਰਕਾਰ ਨੇ ਪੂਰੇ ਰਾਜ ਨੂੰ ਸਰਕਾਰੀ ਮੰਡੀ ਘੋਸ਼ਿਤ ਕਰ ਦਿੱਤਾ ਹੈ ਤੇ ਕੇਰਲਾ ਸਰਕਾਰ ਨੇ ਸਬਜ਼ੀਆਂ ਦਾ ਵੀ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਹੈ। ਬੁਲਾਰਿਆਂ ਨੇ ਲੋਕਾਂ ਨੂੰ ਪਿੰਡਾਂ ’ਚ ਤਿਆਰੀ ਭਖਾਉਣ ਦਾ ਤੇ ਅੰਦੋਲਨ ਤੇਜ਼ ਕਰਨ ਦਾ ਸੱਦਾ ਦਿੱਤਾ। ਅੱਜ ਦੇ ਰੋਸ ਧਰਨੇ ’ਚ ਪੀਪਲਜ ਆਰਟ ਗਰੁੱਪ ਪਟਿਆਲਾ ਵੱਲੋਂ ਸੱਤਪਾਲ ਬੰਗਾ ਦੀ ਅਗਵਾਈ ਹੇਠ ਨਾਟਕ ਪੇਸ਼ ਕੀਤਾ ਗਿਆ।