ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਅਪਰੈਲ
ਇੱਥੋਂ ਦੀ ਅਨਾਜ ਮੰਡੀ ਦੀ ਚਾਰਦੀਵਾਰੀ ਹੋਣ ਅਤੇ ਤਿੰਨੇ ਦਾਖਲਾ ਗੇਟਾਂ ’ਤੇ ਲੋਹੇ ਦੇ ਗੇਟ ਲੱਗਣ ਦੇ ਬਾਵਜੂਦ ਖੁੱਲ੍ਹੇ ਰਹਿਣ ਕਰਕੇ ਲਾਵਾਰਸ ਪਸ਼ੂਆਂ ਨੇ ਮੁੱਖ ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨਾਂ ਦੀ ਨੀਂਦ ਖਰਾਬ ਕੀਤੀ ਹੋਈ ਹੈ। ਅਨਾਜ ਮੰਡੀ ’ਚ ਬੈਠੇ ਪਿੰਡ ਗਾਗਾ ਦੇ ਕਿਸਾਨ ਬੇਅੰਤ ਸਿੰਘ ਪਰਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਇੱਕ ਤਾਂ ਬੋਲੀ ਦੀ ਕਈ ਦਿਨ ਉਡੀਕ ਕਰਨੀ ਪੈ ਰਹੀ ਹੈ ਦੂਜੇ ਲਾਵਾਰਸ ਪਸ਼ੂਆਂ ਅਤੇ ਚੋਰਾਂ ਤੋਂ ਝੋਨੇ ਨੂੰ ਬਚਾਉਣ ਲਈ 24 ਘੰਟੇ ਰਾਖੀ ਖੁਦ ਕਰਨੀ ਪੈ ਰਹੀ ਹੈ । ਜਾਨਵਰਾਂ ਦੀ ਖੇਤ ਤੇ ਮੰਡੀਆਂ ’ਚ ਕਿਸਾਨਾਂ ਨੂੰ ਖੁਦ ਰਾਖੀ ਕਰਨੀ ਪੈਂਦੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਲਾਵਾਰਸ ਪਸ਼ੂਆਂ ਦਾ ਮਾਰਕੀਟ ਕਮੇਟੀ ਜਾਂ ਆੜ੍ਹਤੀਏ ਕੋਈ ਪ੍ਰਬੰਧ ਨਹੀਂ ਕਰਦੇ। ਉਹ ਇੱਕ ਵਾਰੀ ਪਸ਼ੂ ਬਾਹਰ ਭਜਾ ਕੇ ਆਉਂਦੇ ਹਨ ਮੁੜ ਵਾਪਸ ਆ ਜਾਂਦੇ ਹਨ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਾਸਟਰ ਗੁਰਚਰਨ ਸਿੰਘ ਖੋਖਰ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਜਿਣਸ ਨੂੰ ਲਾਵਾਰਸ ਪਸ਼ੂਆਂ ਤੋਂ ਬਚਾਉਣਾ ਆੜ੍ਹਤੀ ਅਤੇ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਵਰ੍ਹੇ ਮਾਰਕੀਟ ਕਮੇਟੀ ਬਾਕਾਇਦਾ ਪਸ਼ੂ ਬਾਹਰ ਕੱਢਣ ਲਈ ਕਰਮਚਾਰੀ ਨਿਯੁਕਤ ਕਰਦੀ ਸੀ। ਮਾਰਕਿਟ ਕਮੇਟੀ ਦੇ ਅਧਿਕਾਰੀ ਨੇ ਦੱਸਿਆ ਕਿ ਕੈਟਲ ਸੁਕੇਅਰ ਦੀ ਅਸਾਮੀ ਹੁੰਦੀ ਸੀ ਜੋ ਅੱਜਕੱਲ੍ਹ ਖਤਮ ਕਰ ਦਿੱਤੀ ਹੈ। ਆੜ੍ਹਤੀਆਂ ਨੂੰ ਆੜ੍ਹਤ ਮਿਲਦੀ ਹੈ ਜਿਸ ਕਰਕੇ ਆੜ੍ਹਤੀਆਂ ਨੂੰ ਹੀ ਲਾਵਾਰਸ ਪਸ਼ੂਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਆੜ੍ਹਤੀ ਦਾ ਕਹਿਣਾ ਹੈ ਕਿ ਜਦੋਂ ਲਾਵਾਰਸ ਪਸ਼ੂ ਬਾਰੇ ਜਦੋਂ ਪਤਾ ਲੱਗਦਾ ਹੈ ਉਨ੍ਹਾਂ ਦੇ ਕਰਿੰਦੇ ਹਟਾ ਦਿੰਦੇ ਹਨ। ਉਧਰ, ਗਊਸ਼ਾਲਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਦੇ ਜਾਨਵਰ ਕਿਸੇ ਤਰ੍ਹਾਂ ਵੀ ਚਾਰਦਿਵਾਰੀ ਵਿੱਚ ਬਾਹਰ ਨਹੀਂ ਨਿਕਲ ਸਕਦੇ ਪਰ ਦੂਜੇ ਪਿੰਡ ਦੇ ਲੋਕ ਆਪਣੇ ਲਾਵਾਰਸ ਜਾਨਵਰ ਹਨੇਰੇ ਸਵੇਰੇ ਛੱਡ ਜਾਂਦੇ ਹਨ।