ਬੀਰਬਲ ਰਿਸ਼ੀ
ਸ਼ੇਰਪੁਰ, 27 ਜਨਵਰੀ
ਹਲਕਾ ਮਹਿਲ ਕਲਾਂ (ਰਾਖਵਾਂ) ਨਾਲ ਸਬੰਧਤ ਬਲਾਕ ਸ਼ੇਰਪੁਰ ਦੇ ਪਿੰਡ ਪੰਜਗਰਾਈਆਂ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਪੰਚਾਇਤੀ ਨੁਮਾਇੰਦਿਆਂ ਦਾ ਦਾਅਵਾ ਹੈ ਕਿ ਇਹ ਪਿੰਡ ਸਿਆਸੀ ਵਿਤਕਰੇ ਦਾ ਸ਼ਿਕਾਰ ਰਿਹਾ ਹੈ ਜਿਸ ਕਰਕੇ ਹਾਲੇ ਵੀ ਕਈ ਸਹੂਲਤਾਂ ਤਾ ਵਾਂਝਾ ਹੈ।
ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਪੰਜਗਰਾਈਆਂ ਨੇ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਗਰਾਈਆਂ ਤੋਂ ਖੁਰਦ ਤੱਕ ਤਕਰੀਬਨ 7 ਕੁ ਕਿਲੋਮੀਟਰ ਰਸਤੇ ’ਤੇ ਪੱਕੀ ਸੜਕ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਣਾਈ ਗਈ। ਇਸ ਰਸਤੇ ’ਤੇ ਗਊਸ਼ਾਲਾ, ਸ਼ਿਵ ਮੰਦਰ ਸਮੇਤ ਹੋਰ ਧਾਰਮਿਕ ਸਥਾਨ ਤੇ ਸ਼ਮਸ਼ਾਨਘਾਟ ਸਥਿਤ ਹਨ ਪਰ ਪਾਏ ਗਏ ਪੰਚਾਇਤੀ ਮਤਿਆਂ ਸਬੰਧੀ ਕਿਸੇ ਸਰਕਾਰ ਨੇ ਕੋਈ ਕਾਰਜ ਨੇਪਰੇ ਨਹੀਂ ਚੜ੍ਹਾਇਆ। ਕਈ ਦਹਾਕੇ ਪਹਿਲਾਂ ਬਣਿਆ ਗੁਰਬਖਸ਼ਪੁਰਾ ਵਾਲੀ ਸੜਕ ’ਤੇ ਬਣਿਆ ਡਰੇਨ ਦਾ ਖਸਤਾ ਹਾਲ ਪੁਲ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਪੁਲ ’ਤੇ ਪੰਚਾਇਤ ਵੱਲੋਂ ਆਪਣੇ ਪੱਧਰ ’ਤੇ ਲਗਾਈ ਰੇਲਿੰਗ ਭੇਤਭਰੀ ਹਾਲਤ ’ਚ ਗਾਇਬ ਹੋ ਗਈ।
ਸਰਪੰਚ ਗੁਰਪ੍ਰੀਤ ਸਿੰਘ ਨੇ ਪਿੰਡ ਨਾਲ ਸਿਆਸੀ ਵਿਤਕਰੇ ਦੇ ਦੋਸ਼ ਲਾਉਂਦਿਆਂ ਦੱਸਿਆ ਕਿ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਦੀ ਆਬਾਦੀ ਦੇ ਹਿਸਾਬ ਨਾਲ ਬਣਦੀ ਗਰਾਂਟ ਭਾਵੇਂ ਠੀਕ ਆਈ ਪਰ ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਹੀ ਮਿਲੇ 34 ਲੱਖ ਦੀ ਗਰਾਂਟ ’ਚੋਂ ਸ਼ੁਰੂ ਕੀਤੇ ਕੰਮਾਂ ਤੋਂ 8 ਲੱਖ ਪਿੰਡ ਦੇ ਪ੍ਰਾਇਮਰੀ ਸਕੂਲ, 8 ਲੱਖ ਰੁਪਏ ਨਾਲ ਲਾਇਬਰੇਰੀ, ਪੰਜ ਲੱਖ ਰੁਪਏ ਸੀਨੀਅਰ ਸੈਕੰਡਰੀ ਸਕੂਲ ਸਮੇਤ ਕਈ ਹੋਰ ਅਹਿਮ ਕਾਰਜ ਕੀਤੇ ਜਾ ਰਹੇ ਹਨ ਪਰ ਗਰਾਂਟਾਂ ਦੇ ਮਾਮਲੇ ’ਚ ਪਹਿਲਾਂ ਹਲਕਾ ਇੰਚਾਰਜ ਹੱਥੋਂ ਹਮੇਸ਼ਾਂ ਨਮੋਸ਼ੀ ਹੀ ਝੱਲਣੀ ਪਈ। ਭਾਵੇਂ ਪਿੰਡ ਵਿੱਚ ਲੋੜਵੰਦ ਲੋਕਾਂ ਲਈ 25 ਤੋਂ 30 ਸਬਮਰਸੀਬਲ ਮੋਟਰਾ ਲਗਾਈਆਂ ਗਈਆਂ ਹਨ ਪਰ ਸ਼ੁੱਧ ਪਾਣੀ ਮੁਹੱਈਆ ਕਰਵਾਏ ਜਾਣ ਵਾਲੀ ਵਾਟਰ ਵਰਕਸ ਦੀ ਇਮਾਰਤ ਅਸਰੁੱਖਿਅਤ ਹੈ ਜਿਸ ਦਾ ਪਾਣੀ ਟੈਂਕੀ ਵਿੱਚ ਨਹੀਂ ਚੜ੍ਹਾਇਆ ਜਾਂਦਾ ਅਤੇ ਕਈ ਘਰਾਂ ਦੀ ਪਹੁੰਚ ਤੋਂ ਦੂਰ ਵੀ ਹੈ। ਉਨ੍ਹਾਂ ਪਿੰਡ ਵਿੱਚ ਚਿੱਟਾ ਵਿਕਣ ਸਬੰਧੀ ਥਾਣਾ ਸ਼ੇਰਪੁਰ ਅੱਗੇ ਧਰਨਾ ਵੀ ਦਿੱਤਾ ਪਰ ਪਰਨਾਲਾ ਉੱਥੇ ਦਾ ਉੱਥੇ ਹੈ।