ਬੀਰਬਲ ਰਿਸ਼ੀ
ਸ਼ੇਰਪੁਰ, 2 ਜੁਲਾਈ
ਬਲਾਕ ਸ਼ੇਰਪੁਰ ਦੇ ਪਿੰਡ ਈਨਾਬਾਜਵਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੱਲ੍ਹ ਤੋਂ ਟੈਂਕੀ ’ਤੇ ਚੜ੍ਹੇ ਪਿਉ ਗੁਰਚਰਨ ਸਿੰਘ ਤੇ ਪੁੱਤਰ ਕੁਲਵਿੰਦਰ ਸਿੰਘ ਨੇ ਪੁਲੀਸ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਅਣਗੌਲਿਆਂ ਕਰਨ ਅਤੇ ਉਨ੍ਹਾਂ ਦੀ ਜਗ੍ਹਾ ’ਤੇ ਕਬਜ਼ਾ ਕਰਨ ਵਾਲੀ ਧਿਰ ਦੀ ਢਾਲ ਬਣ ਕੇ ਵਿਚਰਨ ਦਾ ਦੋਸ਼ ਲਾਇਆ। ਪਿਉ-ਪੁੱਤ ਨੇ ਅੱਜ ਦੂਜੇ ਦਿਨ ਵੀ ਵਾਟਰ ਵਰਕਸ ਤੋਂ ਹੇਠਾਂ ਉਤਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਯਾਦ ਰਹੇ ਕਿ ਈਨਾਬਾਜਵਾ ਦੀ ਸ਼ੇਰਪੁਰ-ਮੂਲੋਵਾਲ ਮੁੱਖ ਸੜਕ ਨੂੰ ਜੋੜਦੀ ਸੜਕ ’ਤੇ ਇਸ ਪਰਿਵਾਰ ਦੀ ਫਰਨੀਚਰ ਫੈਕਟਰੀ ਹੈ ਜਿਸ ਨਾਲ ਲੱਗਦੀ ਜਗ੍ਹਾ ’ਤੇ ਉਨ੍ਹਾਂ ਕੁਝ ਵਿਅਕਤੀਆਂ ਵੱਲੋਂ ਕਥਿਤ ਕਬਜ਼ਾ ਕਰਨ ਅਤੇ ਪੁਲੀਸ ਵੱਲੋਂ ਦਰਖਾਸਤਾਂ ਦੇ ਬਾਵਜੂਦ ਸੁਣਵਾਈ ਨਾ ਕਰਨ ਦੇ ਦੋਸ਼ ਲਾਉਦਿਆਂ ਦੋਵੇਂ ਕੱਲ੍ਹ ਦੇਰ ਸ਼ਾਮ ਟੈਂਕੀ ‘ਤੇ ਚੜ੍ਹ ਗਏ ਸਨ।
ਟੈਂਕੀ ’ਤੇ ਚੜ੍ਹੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿਰਫ ਆਪਣੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਖ਼ਿਲਾਫ਼ ਹਨ ਪਰ ਪ੍ਰਸ਼ਾਸਨ ਇਸ ਮਾਮਲੇ ਵਿੱਚ ਆਨਾਕਾਨੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਸੌਂ ਨਹੀਂ ਸਕੇ ਜਿਸ ਕਰਕੇ ਅੱਜ ਸ਼ਾਮ ਸਮੇਂ ਉਨ੍ਹਾਂ ਦੇ ਬਜ਼ੁਰਗ ਪਿਤਾ ਨੂੰ ਚੱਕਰ ਤੇ ਉਲਟੀ ਲੱਗ ਗਈ। ਪਿੰਡ ਵਾਸੀਆਂ ਨੇ ਪਾਣੀ ਤੇ ਦਵਾਈ ਭੇਜੀ ਹੈ ਪਰ ਪ੍ਰਸ਼ਾਸਨ ਨੇ ਸਾਰ ਨਹੀਂ ਲਈ। ਪਿੰਡ ਦੀ ਸਰਪੰਚ ਬੀਬੀ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਟੈਂਕੀ ’ਤੇ ਪ੍ਰਸ਼ਾਸਨ ਵੱਲੋਂ ਇੱਕ ਵੀ ਮੁਲਾਜ਼ਮ ਦੀ ਡਿਊਟੀ ਲਾਉਣੀ ਮੁਨਾਸਿਫ ਨਹੀਂ ਸਮਝੀ ਜੋ ਸਰਾਸਰ ਧੱਕਾ ਹੈ। ਉਨ੍ਹਾਂ ਟੈਂਕੀ ’ਤੇ ਚੜ੍ਹੇ ਪਰਿਵਾਰ ਦੇ ਹੱਕ ਵਿੱਚ ਡਟਦਿਆਂ ਪਿੰਡ ਵਾਸੀਆਂ ਦੀ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜੇਕਰ ਅੱਜ ਮਸਲਾ ਹੱਲ ਨਾ ਹੋਇਆ ਤਾਂ 3 ਜੁਲਾਈ ਨੂੰ ਕਾਤਰੋਂ ਚੌਕ ਵਿੱਚ ਚੱਕਾ ਜਾਮ ਕੀਤਾ ਜਾਵੇਗਾ।
ਐੱਸਐੱਚਓ ਸ਼ੇਰਪੁਰ ਅਮਰੀਕ ਸਿੰਘ ਨੇ ਦੱਸਿਆ ਕਿ ਡੀਐੱਸਪੀ ਪਰਮਿੰਦਰ ਸਿੰਘ ਨੇ ਵਿਵਾਦਿਤ ਜ਼ਮੀਨ ਦਾ ਦੌਰਾ ਕਰਕੇ ਮਾਮਲੇ ਨੂੰ ਵਾਚਿਆ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਧਿਰਾਂ ਦਰਮਿਆਨ ਸਹਿਮਤੀ ਬਣ ਗਈ ਜਿਸ ਤਹਿਤ 3 ਜੁਲਾਈ ਨੂੰ ਸਵੇਰੇ ਜ਼ਮੀਨ ਦੀ ਮਿਣਤੀ ਕਰਵਾਈ ਜਾਵੇਗੀ। ਉਧਰ ਮੋਹਤਬਰ ਕੁਲਦੀਪ ਸਿੰਘ ਨੇ ਪੁਲੀਸ ਵੱਲੋਂ ਸਮਝੌਤੇ ਦੇ ਖੁਲਾਸੇ ਨੂੰ ਮਹਿਜ਼ ਸ਼ਗੂਫ਼ਾ ਕਰਾਰ ਦਿੱਤਾ।