ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 14 ਮਈ
ਈਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਦਾ ਐਲਾਨ ਕੀਤੇ ਜਾਣ ਮਗਰੋਂ ਜਿੱਥੇ ਮਾਲੇਰਕੋਟਲਾ ਵਾਸੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਧੂਰੀ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਸਹਿਮ ਪੈਦਾ ਹੋ ਗਿਆ ਹੈੈ ਕਿ ਕਿਤੇ ਸਬ ਡਿਵੀਜ਼ਨ ਧੂਰੀ ਨੂੰ ਨਵੇਂ ਬਣਨ ਜਾ ਰਹੇ ਮਾਲੇਰਕੋਟਲਾ ਜ਼ਿਲ੍ਹੇ ਨਾਲ ਨਾ ਜੋੜ ਦਿੱਤਾ ਜਾਵੇ ਲੋਕ ਸੰਗਰੂਰ ਜ਼ਿਲ੍ਹੇ ਨਾਲ ਜੁੜ ਕੇ ਖੁਸ਼ ਹਨ। ਸੋਸ਼ਲ ਮੀਡੀਆ ’ਤੇ ਧੂਰੀ ਨੂੰ ਮਾਲੇਰਕੋਟਲਾ ਜ਼ਿਲ੍ਹਾ ਵਿੱਚ ਸ਼ਾਮਲ ਕਰਨ ਦੀ ਚੱਲ ਰਹੀ ਚਰਚਾ ਨਾਲ ਵੀ ਲੋਕਾਂ ਵਿੱਚ ਵਿਰੋਧਤਾ ਪਾਈ ਜਾ ਰਹੀ ਹੈ। ਇਸ ਸਬੰਧੀ ਜਦੋਂ ਧੂਰੀ ਤੋਂ ਦੋ ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਧਨਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ, ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜੁਆਇੰਟ ਸਕੱਤਰ ਐੱਸ.ਐੱਸ.ਚੱਠਾ ਅਤੇ ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਧੂਰੀ ਦੇ ਲੋਕ ਜ਼ਿਲ੍ਹਾ ਸੰਗਰੂਰ ਨਾਲ ਤਨੋਂ-ਮਨੋਂ ਜੁੜੇ ਹੋਏ ਹਨ ਅਤੇ ਧੂਰੀ ਤੋਂ ਸੰਗਰੂਰ ਦੀ ਦੂਰੀ ਕਰੀਬ 13 ਕਿਲੋਮੀਟਰ ਦੀ ਹੈ, ਜਦੋਂਕਿ ਮਾਲੇਰਕੋਟਲਾ ਲਗਪਗ 20 ਕਿਲੋਮੀਟਰ ਪੈਂਦਾ ਹੈ।