ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਜੂਨ
ਖੇਤਾਂ ਵਿੱਚ ਝੋਨਾ ਲਗਾਉਣ ਦੌਰਾਨ ਹੀ ਮੋਟਰਾਂ ਲਈ ਬਿਜਲੀ ਸਪਲਾਈ ਦੀ ਘਾਟ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਾਣੀ ਤੋਂ ਬਿਨਾਂ ਸੁੱਕੇ ਖੇਤਾਂ ਨੇ ਕੈਪਟਨ ਸਰਕਾਰ ਦੇ ਬਿਜਲੀ ਸਪਲਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ‘ਆਪ’ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ। ਸ੍ਰੀ ਭਰਾਜ ਨੇ ਕਈ ਪਿੰਡਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਿਜਲੀ ਸਪਲਾਈ ਵਿੱਚ ਰੋਜਾਨਾ ਲੱਗ ਰਹੇ ਕੱਟਾਂ ਕਾਰਨ ਕਿਸਾਨਾਂ ਦੇ ਝੋਨੇ ਵਿੱਚ ਪਾਣੀ ਬਿਲਕੁਲ ਸੁੱਕ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਲੜਾਈ ਲੜ ਰਹੇ ਹਨ, ਦੂਜੇ ਪਾਸੇ ਕੈਪਟਨ ਸਰਕਾਰ ਕਿਸਾਨਾਂ ਨੂੰ ਇੱਥੇ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨਾ ਲਾਉਣ ਦੌਰਾਨ ਹੀ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਮੰਗ ਲਈ ਗਰਿੱਡਾਂ ਅੱਗੇ ਧਰਨੇ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਿੱਚ ਰੋਜ਼ਾਨਾ 2 ਤੋਂ 3 ਘੰਟਿਆਂ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਪਾਣੀ ਦੀ ਬਹੁਤ ਕਿੱਲਤ ਪੇਸ਼ ਆ ਰਹੀ ਹੈ। ਬਰਸਾਤ ਅਤੇ ਬਿਜਲੀ ਸਪਲਾਈ ਦੀ ਕਮੀ ਕਾਰਨ ਕਿਸਾਨਾਂ ਦੇ ਝੋਨੇ ਸੁੱਕੇ ਪਏ ਹਨ ਅਤੇ ਡੀਜਲ ਦੇ ਵਧੇ ਰੇਟਾਂ ਕਾਰਨ ਹੁਣ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਤੋਂ ਵੀ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ‘ਆਪ’ ਵੱਲੋਂ ਪੱਕੇ ਤੌਰ ’ਤੇ ਬਿਜਲੀ ਗਰਿੱਡਾਂ ਤੇ ਸਰਕਾਰ ਦਾ ਘਿਰਾਓ ਕੀਤਾ ਜਾਵੇਗਾ।