ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਨਵੰਬਰ
ਸੰਗਰੂਰ ਜੇਲ੍ਹ ਵਿੱਚ ਬੰੰਦ ਹਵਾਲਾਤੀ ਵੱਲੋਂ ਜੇਲ੍ਹ ਵਿੱਚ ਦੂਜੇ ਬੰਦੀਆਂ ਨਾਲ ਝਗੜਾ ਕਰਨ, ਗਾਲੀ-ਗਲੋਚ ਕਰਨ ਅਤੇ ਡਿਊਟੀ ’ਤੇ ਹਾਜ਼ਰ ਜੇਲ੍ਹ ਦੇ ਮੁੱਖ ਵਾਰਡਰ ਦੀ ਵਰਦੀ ਨੂੰ ਹੱਥ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲੀਸ ਨੇ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਹਵਾਲਾਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਟੀ-1 ਪੁਲੀਸ ਅਨੁਸਾਰ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਤਰਲੋਚਨ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਲਵਪ੍ਰੀਤ ਸਿੰਘ ਵਾਸੀ ਭੁੱਚੋ ਕਲਾਂ ਜ਼ਿਲ੍ਹਾ ਬਠਿੰਡਾ ਸਥਾਨਕ ਜ਼ਿਲ੍ਹਾ ਜੇਲ੍ਹ ਵਿੱਚ ਬਤੌਰ ਹਵਾਲਾਤੀ ਬੰਦ ਹੈ। ਬੀਤੀ 24 ਨਵੰਬਰ ਦੀ ਸ਼ਾਮ ਨੂੰ ਜੇਲ੍ਹ ਅੰਦਰ ਸਥਾਪਿਤ ਐੱਸ.ਟੀ.ਡੀ. ਦੇ ਸੇਵਾਦਾਰ ਵੱਲੋਂ ਚੱਕਰ ਵਿੱਚ ਮੌਜੂਦ ਮੁੱਖ ਵਾਰਡਰ ਗੁਰਮੀਤ ਸਿੰਘ ਨੂੰ ਆ ਕੇ ਦੱਸਿਆ ਕਿ ਹਵਾਲਾਤੀ ਲਵਪ੍ਰੀਤ ਸਿੰਘ ਵੱਲੋਂ ਜੇਲ੍ਹ ਦੇ ਦੂਜੇ ਬੰਦੀਆਂ ਨਾਲ ਐੱਸਟੀਡੀ ’ਤੇ ਫੋਨ ਲਈ ਲੜਾਈ ਝਗੜਾ ਕਰ ਰਿਹਾ ਹੈ ਅਤੇ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਵਾਰਡਰ ਗੁਰਮੀਤ ਸਿੰਘ ਵੱਲੋਂ ਹਵਾਲਾਤੀ ਨੂੰ ਸਮਝਾਉਣ ਲਈ ਬੁਲਾਇਆ ਗਿਆ।
ਹਵਾਲਾਤੀ ਨੇ ਸਮਝਣ ਦੀ ਬਜਾਏ ਮੁੱਖ ਵਾਰਡਰ ਗੁਰਮੀਤ ਸਿੰਘ ਦੇ ਗਲ੍ਹੇ ਵਿਚ ਹੱਥ ਪਾ ਲਿਆ। ਸ਼ਿਕਾਇਤ ਵਿੱਚ ਹਵਾਲਾਤੀ ਖ਼ਿਲਾਫ਼ ਦੂਸਰੇ ਬੰਦੀਆਂ ਨਾਲ ਗਾਲੀ-ਗਲੋਚ, ਲੜਾਈ ਝਗੜਾ ਕਰਨ ਅਤੇ ਡਿਊਟੀ ’ਤੇ ਹਾਜ਼ਰ ਮੁੱਖ ਵਾਰਡਰ ਦੀ ਵਰਦੀ ਨੂੰ ਹੱਥ ਪਾ ਕੇ ਅਪਰਾਧ ਕਰਨ ਅਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਸਿਟੀ-1 ਦੀ ਪੁਲੀਸ ਨੇ ਹਵਾਲਾਤੀ ਲਵਪ੍ਰੀਤ ਸਿੰਘ ਵਾਸੀ ਭੁੱਚੋ ਕਲਾਂ ਜ਼ਿਲ੍ਹਾ ਬਠਿੰਡਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।