ਬੀਰਬਲ ਰਿਸ਼ੀ
ਸ਼ੇਰਪੁਰ, 6 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਪਿੰਡ ਸੁਲਤਾਨਪੁਰ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਦੇ ਘਰ ’ਤੇ ਬੀਤੀ ਰਾਤ ਅਣਪਛਾਤਿਆਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਸਰਪੰਚ ਦਾ ਵਾਲ-ਵਾਲ ਬਚਾਅ ਹੋ ਗਿਆ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜਗਤਾਰ ਸਿੰਘ ਸੁਲਤਾਨਪੁਰ ਨੇ ਦਾਅਵਾ ਕੀਤਾ ਕਿ ਬੀਤੀ ਰਾਤ ਕਿਸੇ ਨੇ ਉਸਦੇ ਘਰ ਦਾ ਗੇਟ ਖੜਕਾਇਆ। ਜਦੋਂ ਕੋਠੇ ਦੇ ਜੰਗਲੇ ਉਤੋਂ ਦੀ ਜਾ ਕੇ ਉਸਨੂੰ ਪੁੱਛਿਆ ਕਿ ਉਹ ਕੌਣ ਹੈ ਤਾਂ ਅਣਪਛਾਤਿਆਂ ਨੇ ਗੋਲੀ ਚਲਾ ਦਿੱਤੀ ਜਿਸ ’ਤੇ ਉਹ ਫੁਰਤੀ ਨਾਲ ਤੁਰੰਤ ਪਿੱਛੇ ਹਟ ਗਿਆ। ਜਿਸ ਮਗਰੋਂ ਇੱਕ ਹੋਰ ਗੋਲੀ ਚੱਲੀ ਅਤੇ ਉਸਨੇ ਰੌਲਾ ਪਾ ਦਿੱਤਾ ਤੇ ਭੱਜ ਕੇ ਆਪਣੀ ਜਾਨ ਬਚਾਈ। ਸਾਬਕਾ ਸਰਪੰਚ ਅਨੁਸਾਰ ਰਾਤ ਸਮੇਂ ਉਸਨੇ ਪੁਲੀਸ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਖੋਲ ਬਰਾਮਦ ਕੀਤੇ ਤੇ ਚਲੇ ਗਏ। ਉਂਜ, ਅੱਜ ਉਨ੍ਹਾਂ ਰਣੀਕੇ ਨੇ ਚੌਕੀ ਵਿੱਚ ਜਾ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਸਾਬਕਾ ਸਰਪੰਚ ਨੇ ਦੱਸਿਆ ਕਿ ਲੰਘੇ ਸਤੰਬਰ ਦੇ ਪਹਿਲੇ ਹਫ਼ਤੇ ਉਸਨੇ ਇੱਕ ਸ਼ੱਕੀ ਗੱਡੀ ਦਾ ਹਵਾਲਾ ਦੇ ਕੇ ਪੁਲੀਸ ਦੇ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਤੇ ਹੁਣ ਇਸ ਘਟਨਾ ਨੇ ਉਸ ’ਤੇ ਨਿਗਾਹ ਰੱਖੀ ਜਾ ਰਹੀ ਹੈ, ਦੇ ਸ਼ੱਕ ਨੂੰ ਹੋਰ ਪੱਕਾ ਕਰ ਦਿੱਤਾ ਹੈ।
ਪੁਲੀਸ ਮਾਮਲੇ ਦੀ ਕਰ ਰਹੀ ਹੈ ਜਾਂਚ: ਪ੍ਰਿਤਪਾਲ ਸਿੰਘ
ਪੁਲੀਸ ਚੌਕੀ ਰਣੀਕੇ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਰਪੰਚ ਦੇ ਬਿਆਨ ਕਲਮਬੰਦ ਕਰ ਲਏ ਹਨ ਤੇ ਹੁਣ ਪੁਲੀਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਸਾਈਬਰ ਟੀਮ ਦੀ ਮੱਦਦ ਨਾਲ ਮੋਬਾਈਲ ਫੋਨਾਂ ਦਾ ਡੰਪ ਚੁੱਕਿਆ ਜਾ ਰਿਹਾ ਹੈ ਤੇ ਮਾਮਲੇ ਦੀ ਡੁੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।