ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 18 ਨਵੰਬਰ
ਇਥੇ ਅਤਿ ਦੀ ਪੈ ਰਹੀ ਧੁੰਦ ਕਾਰਨ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਦੁੱਗਾਂ ਕੁੰਨਰਾਂ ਦੇ ਵਿਚਕਾਰ ਇੱਕ ਦਰਜ਼ਨ ਦੇ ਕਰੀਬ ਗੱਡੀਆਂ ਆਪਸ ’ਚ ਟਰਰਾਉਣ ਕਾਰਨ ਦਸ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਹਨ। ਇਸ ਹਾਦਸੇ ਦੌਰਾਨ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਜਦ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਚੌਕੀ ਬਡਰੁੱਖਾਂ ਦੇ ਹੌਲਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਅੱਠ ਕਾਰਾਂ, ਤਿੰਨ ਟਰੱਕ ਅਤੇ ਦੋ ਬੱਸਾਂ ਇੱਕ ਦੂਸਰੇ ਦੇ ਪਿਛਲੇ ਪਾਸੇ ਵੱਜੀਆਂ। ਇਸ ਹਾਦਸੇ ਦੌਰਾਨ ਦਸ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਦੀਵਾਨ ਸਿੰਘ ਵਾਸੀ ਲੌਂਗੋਵਾਲ, ਮੀਨਾਕਸ਼ੀ ਵਾਸੀ ਧੂਰੀ, ਸੁਖਦੀਪ ਸਿੰਘ ਵਾਸੀ ਲਿੱਦੜਾਂ, ਚਰਨਪ੍ਰੀਤ ਵਾਸੀ ਲੌਂਗੋਵਾਲ, ਮਨਿੰਦਰ ਕੌਰ, ਬੂਟਾ ਸਿੰਘ, ਜਸਕਰਨ ਸਿੰਘ, ਸ਼ਰਨਦੀਪ, ਬਲਵਿੰਦਰ ਸਿੰਘ, ਨਜਿੰਦਰ ਆਦਿ ਸ਼ਾਮਲ ਹਨ। ਜ਼ਖਮੀਆਂ ਨੂੰ ਨੂੰ ਪੁਲੀਸ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਚੌਕੀ ਇੰਚਾਰਜ ਸਰਵਨ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਲੈਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਿਲਟਰੀ ਦੀਆਂ ਗੱਡੀਆਂ ਜੋ ਕਿ ਸੰਗਰੂਰ ਤੋਂ ਬਰਨਾਲਾ ਸਾਈਡ ਵੱਲ ਜਾ ਰਹੀਆਂ ਸਨ, ਅਚਾਨਕ ਉਨ੍ਹਾਂ ਦੀ ਲਪੇਟ ਵਿੱਚ ਦੋ ਗੱਡੀਆਂ ਆ ਗਈਆਂ। ਇਸ ਹਾਦਸੇ ਦੌਰਾਨ ਗੱਡੀਆਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਜਦ ਕਿ ਗੱਡੀਆਂ ਦਾ ਕਾਫ਼ੀ ਨੁਕਸਾਨ ਹੋ ਗਿਆ।