ਨਿਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਰਾਮਵੀਰ ਦੀ ਅਗਵਾਈ ਹੇਠ ਟਿੱਡੀ ਦਲ ਦੀ ਰੋਕਥਾਮ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਮੌਕ ਡਰਿੱਲਾਂ ਦੀ ਲੜੀ ਤਹਿਤ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਣੀਕੇ ਵਿੱਚ ਮੌਕ ਡਰਿੱਲ ਕੀਤੀ ਗਈ। ਮੌਕ ਡਰਿੱਲ ਸਬੰਧੀ ਉਲੀਕੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਤੇ ਵੱਖ-ਵੱਖ ਵਿਭਾਗਾਂ ਦੀ ਸ਼ਮੂਲੀਅਤ ਨਾਲ ਜ਼ਿਲ੍ਹਾ ਸੰਗਰੂਰ ਅੰਦਰ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿੱਚ ਇਸ ਦੀ ਰੋਕਥਾਮ ਲਈ ਇੱਕ ਮਜ਼ਬੂਤ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਇਸ ਦੇ ਟਾਕਰੇ ਲਈ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਮ-ਨੋਡਲ ਅਫਸਰ, ਲੋਕਸਟ ਕੰਟਰੋਲ ਲਤੀਫ ਅਹਿਮਦ, ਨੇ ਕਿਹਾ ਕਿ ਖੇਤੀਬਾੜੀ, ਬਾਗਬਾਨੀ ਤੇ ਜੰਗਲਾਤ ਵਿਭਾਗਾਂ ਤੋਂ ਇਲਾਵਾ ਰੈਵੇਨਿਊ, ਸਹਿਕਾਰਤਾ, ਪੰਜਾਬ ਪੁਲੀਸ, ਮੰਡੀ ਬੋਰਡ, ਬਿਜਲੀ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਟਿੱਡੀ ਦਲ ਸ਼ਾਮ ਵੇਲੇ ਖੇਤਾਂ ’ਜ ਉੱਚੇ ਦਰਖਤਾਂ ’ਤੇ ਬੈਠ ਜਾਂਦਾ ਹੈ ਇਸ ਲਈ ਉੱਚੇ ਦਰਖਤਾਂ ਉਤੇ ਸਪਰੇ ਯਕੀਨੀ ਬਣਾਉਣ ਲਈ ਫਾਇਰ ਬ੍ਰਿਗੇਡ ਨੂੰ ਇਸ ਕੰਮ ਲਈ ਸ਼ਾਮਲ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ’ਚ ਸਪਰੇ ਪੰਪਾਂ, ਪਾਣੀ ਦੇ ਟੈਂਕਰਾਂ ਬਾਰੇ ਵੇਰਵੇ ਇਕੱਤਰ ਕੀਤੇ ਜਾ ਚੁੱਕੇ ਹਨ ਤਾਂ ਜੋ ਲੋੜ ਪੈਣ ਤੇ ਕਿਸਾਨਾਂ ਪਾਸ ਉਪਲਬਧ ਸਪਰੇ ਪੰਪ ਤੇ ਪਾਣੀ ਵਾਲੇ ਟੈਂਕਰਾਂ ਨੂੰ ਇਸ ਮੁਹਿੰਮ ’ਚ ਵਰਤਿਆ ਜਾ ਸਕੇ।