ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ
ਇੱਥੋਂ ਨੇੜਲੇ ਕਸਬੇ ਮਹਿਲਾਂ ਚੌਕ-ਸੰਗਰੂਰ ਮੁੱਖ ਮਾਰਗ ’ਤੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਾਲਤ ਗੰਭੀਰ ਹੈ।
ਜਾਣਕਾਰੀ ਅਨੁਸਾਰ ਸੁਨਾਮ ਦੇ ਰਹਿਣ ਵਾਲੇ ਚਾਰ ਦੋਸਤ ਲੰਘੀ ਰਾਤ ਸੰਗਰੂਰ ਤੋਂ ਸੁਨਾਮ ਵੱਲ ਨੂੰ ਵਾਪਸ ਪਰਤ ਰਹੇ ਸਨ, ਜਿਉਂ ਹੀ ਉਨ੍ਹਾਂ ਦੀ ਗੱਡੀ ਮਹਿਲਾਂ ਚੌਕ ਨੇੜੇ ਪੁੱਜੀ ਤਾਂ ਉਨ੍ਹਾਂ ਦੀ ਗੱਡੀ ਟਰੱਕ ਦੇ ਪਿੱਛੇ ਜਾ ਟਕਰਾਈ ਜਿਸ ਕਾਰਨ ਚਾਰੋਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀ ਨੌਜਵਾਨਾਂ ’ਚੋਂ ਇੱਕ ਨੂੰ ਸੁਨਾਮ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਕਿ ਦੋ ਨੌਜਵਾਨਾਂ ਦੀ ਹਾਲਤ ਨੂੰ ਵੇਖਦਿਆਂ ਅਮਰ ਹਸਪਤਾਲ ਪਟਿਆਲਾ ਭੇਜ ਦਿੱਤਾ ਸੀ ਤੇ ਇਕ ਨੌਜਵਾਨ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਜਦੋਂ ਕਿ ਪੁਲੀਸ ਨੇ ਫਿਰ ਵੀ ਆਪਣੀ ਪੜਤਾਲ ਵਿੱਢ ਦਿੱਤੀ ਹੈ।
ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਹਲਾਕ
ਅਮਰਗੜ੍ਹ (ਪੱਤਰ ਪ੍ਰੇਰਕ): ਗੁਰਦੁਆਰਾ ਸਾਹਿਬ ਰਟੌਲਾਂ ਨੇੜੇ ਇੱਕ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਬਲਬੀਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਉੱਪਲ ਖੇੜੀ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਜੀਜਾ ਸੁਖਜੀਤ ਸਿੰਘ ਵਾਸੀ ਸੇਹਕੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਰਟੌਲਾਂ ਨੇੜੇ ਉਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਮਗਰੋਂ ਸੁਖਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ।