ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਗਸਤ
ਪੁਲੀਸ ਨੇ ਡੀਐੱਸਪੀ (ਲਹਿਰਾਗਾਗਾ) ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਹੌਲਦਾਰ ਮੁਨੀਸ਼ ਜੋਸ਼ੀ ਡੀਐੱਸਪੀ ਲਹਿਰਾਗਾਗਾ ਪੁਸ਼ਪਿੰਦਰ ਸਿੰਘ ਦਾ ਰੀਡਰ ਹੈ। ਡੀਐੱਸਪੀ ਨੇ ਉਸ ਨੂੰ ਆਪਣੇ ਲੜਕੇ ਏਕਮਵੀਰ ਸਿੰਘ ਦੀਆਂ ਕੈਨੇਡਾ ਜਾਣ ਲਈ ਜਹਾਜ਼ ਦੀਆਂ ਟਿਕਟਾਂ 20 ਜੁਲਾਈ ਤੋੋਂ 30 ਜੁਲਾਈ 2023 ਦਰਮਿਆਨ ਬੁੱਕ ਕਰਵਾਉਣ ਲਈ ਕਿਹਾ ਸੀ। ਰੀਡਰ ਮੁਨੀਸ਼ ਜੋਸ਼ੀ ਨੇ ਏਕਮਵੀਰ ਸਿੰਘ ਨੂੰ ਚੇਤਨ ਗੋਇਲ ਦਾ ਫੋਨ ਨੰਬਰ ਦੇ ਦਿੱਤਾ ਜਿਸਨੇ ਏਕਮਵੀਰ ਸਿੰਘ ਨੂੰ ਕੈਨੇਡਾ ਜਾਣ ਲਈ 29 ਅਗਸਤ ਦਾ ਸਾਰਾ ਸ਼ਡਿਊਲਡ ਬਣਾ ਕੇ ਵਟਸਐਪ ਕਰ ਦਿੱਤਾ ਅਤੇ ਇੱਕ ਲੱਖ ਦੇ ਕਰੀਬ ਰਕਮ ਆਪਣੇ ਬੈਂਕ ਅਕਾਊਂਟ ਵਿੱਚੋਂ 12 ਜੁਲਾਈ ਨੂੰ ਚੇਤਨ ਗੋਇਲ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਦਿੱਤੀ। ਚੇਤਨ ਗੋਇਲ ਨੇ ਏਕਮਵੀਰ ਸਿੰਘ ਨੂੰ ਜਹਾਜ਼ ਦੀ ਟਿਕਟ ਹਫਤੇ ਵਿੱਚ ਭੇਜਣ ਲਈ ਕਿਹਾ ਸੀ ਪਰ ਅਜੇ ਤੱਕ ਨਹੀਂ ਮਿਲੀ। ਪੁਲੀਸ ਨੇ ਚੇਤਨ ਗੋਇਲ ਤੇ ਵੰਸ਼ ਗੋਇਲ ਵਾਸੀ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।