ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਮਾਰਚ
ਸੰਗਰੂਰ ਜ਼ਿਲ੍ਹਾ ਪੁਲੀਸ ਦੀ ਸਾਈਬਰ ਸੈੱਲ ਟੀਮ ਵੱਲੋਂ ਸੋਸ਼ਲ ਮੀਡੀਆ ’ਤੇ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇੰਸਟਾਗ੍ਰਾਮ ਤਾਂਤਰਿਕ ਗਰੋਹ ਅਤੇ ਆਨਲਾਈਨ ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਆਨਲਾਈਨ ਨੌਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋਵੇਂ ਗਰੋਹਾਂ ਦੇ ਇੱਕ-ਇੱਕ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਥੇ ਜ਼ਿਲ੍ਹਾ ਪੁਲੀਸ ਦਫ਼ਤਰ ਵਿੱਚ ਡੀਐੱਸਪੀ ਦਿੜ੍ਹਬਾ ਮੋਹਿਤ ਅਗਰਵਾਲ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਾਈਬਰ ਸੈੱਲ ਦੀ ਜ਼ਿਲ੍ਹਾ ਟੀਮ ਨੇ ਸਚਿਨ ਭਾਰਗਵ ਵਾਸੀ ਮੁਹੱਲਾ ਪੁਰਾਣਾ ਵਾਸੀ ਨੇੜੇ ਮੰਦਰ, ਰਾਜਗੜ੍ਹ, ਚੁਰੂ (ਰਾਜਸਥਾਨ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੰਸਟਾਗ੍ਰਾਮ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੱਖ-ਵੱਖ ਪੇਜ ਬਣਾ ਕੇ ਲੋਕਾਂ ਨੂੰ ਵੱਖ-ਵੱਖ ਢੰਗ ਨਾਲ ਝਾਂਸਾ ਦੇ ਕੇ ਰਾਜਸਥਾਨ, ਪੰਜਾਬ, ਗੁਜਰਾਤ, ਕਰਨਾਟਕ, ਹਰਿਆਣਾ, ਦਿੱਲੀ, ਮੁੰਬਈ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀ ਮੂਲ ਦੇ ਕਰੀਬ 45 ਵਿਅਕਤੀਆਂ ਨਾਲ ਠੱਗੀ ਮਾਰੀ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਅਹਿਮਦਗੜ੍ਹ ਵਿੱਚ ਅਧੀਨ ਧਾਰਾ 420 ਆਈਪੀਸੀ, 66 ਡੀਆਈਟੀ ਐਕਟ 2008 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਆਨਲਾਈਨ ਨੌਕਰੀ ਦਿਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਮੈਂਬਰ ਅਜੈ ਕੁਮਾਰ ਵਾਸੀ ਸ਼ਕਤੀ ਵਿਹਾਰ, ਮਿੱਠਾਪੁਰ ਬਦਰਪੁਰ, ਨਵੀਂ ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਨਲਾਈਨ ਨੌਕਰੀ ਦੇਣ ਸਬੰਧੀ ਕਾਲ ਕਰ ਕੇ ਨੌਕਰੀ ਦੇਣ ਦੇ ਝਾਂਸ ਤਹਿਤ ਆਨਲਾਈਨ ਫਾਰਮ ਭਰਨ ਮਗਰੋਂ ਲਿੰਕ ਭੇਜ ਕੇ ਸ਼ਿਕਾਇਤਕਰਤਾ ਕੋਲੋਂ ਉਸ ਦੇ ਡੈਬਿਟ ਕਾਰਡ ਦੀ ਡਿਟੇਲ ਹਾਸਲ ਕਰ ਕੇ ਕੁੱਲ 38,484/-ਰੁਪਏ ਦੀ ਠੱਗੀ ਮਾਰੀ ਹੈ। ਅਜੈ ਕੁਮਾਰ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਵਿੱਚ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।