ਨਿਜੀ ਪੱਤਰ ਪ੍ਰੇਰਕ
ਸੰਗਰੂਰ, 6 ਨਵੰਬਰ
ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਨੇ ਚੰਨੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਲਕੇ 7 ਨਵੰਬਰ ਦੀ ਕੈਬਨਿਟ ਮੀਟਿੰਗ ਵਿਚ ਫਰੀਡਮ ਫਾਈਟਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਫਰੀਡਮ ਫਾਈਟਰ ਤੇ ਉਨ੍ਹਾਂ ਦੇ ਵਾਰਸ 9 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਰੜ ਸਥਿਤ ਘਰ ਡੇਰੇ ਲਾਉਣ ਲਈ ਮਜਬੂਰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆਂ ਕਰੀਬ ਡੇਢ ਮਹੀਨਾ ਬੀਤ ਗਿਆ ਹੈ ਪਰੰਤੂ ਅਜੇ ਤੱਕ ਫਰੀਡਮ ਫਾਈਟਰਾਂ ਦੀ ਸਾਰ ਤੱਕ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਤਾਂ ਬਣਦਾ ਮਾਨ ਸਨਮਾਨ ਮਿਲਿਆ ਹੈ ਅਤੇ ਨਾ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਮੰਗਾਂ ਦਾ ਕੋਈ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ’ਤੇ ਕਾਬਜ਼ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਲਈ ਹਾਦਸਿਆਂ ’ਚ ਮਰਨ ਵਾਲਿਆਂ ਨੂੰ ਨੌਕਰੀਆਂ ਅਤੇ ਲੱਖਾਂ ਰੁਪਏ ਦੀ ਸਹਾਇਤਾ ਦੇ ਦਿੰਦੀਆਂ ਹਨ ਪਰੰਤੂ ਦੇਸ਼ ਲਈ ਮਰ ਮਿਟਣ ਵਾਲੇ ਯੋਧਿਆਂ ਦੇ ਪਰਿਵਾਰਾਂ ਨੂੰ ਮਨੋਂ ਵਿਸਾਰ ਰੱਖਿਆ ਹੈ। ਇਸ ਮੌਕੇ ਕੁਲ ਹਿੰਦ ਕਮੇਟੀ ਮੈਂਬਰ ਗੁਰਇੰਦਰਪਾਲ ਸਿੰਘ, ਭਰਪੂਰ ਸਿੰਘ ਰੰਗੜਿਆਲ, ਖਜ਼ਾਨਜੀ ਨਿਰਭੈ ਸਿੰਘ ਬਠਿੰਡਾ ਆਦਿ ਮੌਜੂਦ ਸਨ।