ਪੱਤਰ ਪ੍ਰੇਰਕ
ਮੂਨਕ, 10 ਦਸੰਬਰ
ਕਾਲਜਾਂ, ਯੂਨੀਵਰਸਿਟੀਆਂ ਨੂੰ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਲਈ ਪੂਰਨ ਤੌਰ ’ਤੇ ਖੁੱਲ੍ਹਵਾਉਣ ਤੇ ਐੱਸਸੀ ਸਕਾਲਰਸ਼ਿਪ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਪੀਐੱਸਯੂ (ਸ਼ਹੀਦ ਰੰਧਾਵਾ) ਵੱਲੋਂ ਚਲਾਈ ਮੁਹਿੰਮ ਤੋਂ ਬਾਅਦ ਯੂਨੀਵਰਸਿਟੀ ਕਾਲਜ ਮੂਨਕ ਵਿੱਚ ਗੇਟ ਰੈਲੀ ਕੀਤੀ ਗਈ। ਜ਼ਿਲ੍ਹਾ ਜਨਰਲ ਸਕੱਤਰ ਜਗਸੀਰ ਅਤੇ ਅਮਨ ਨੇ ਦੱਸਿਆ ਕਿ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਲਈ ਕਾਲਜ ਪੂਰਨ ਤੌਰ ’ਤੇ ਖੁੱਲ੍ਹਵਾਉਣ, ਪਿਛਲੇ ਸਮੇਂ ਤੋਂ ਚਲਦੀ ਆ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ, ਕਾਰਪੋਰੇਟ ਪੱਖੀ ਨਵੀਂ ਸਿੱਖਿਆ ਨੀਤੀ ਰੱਦ ਕਰਨ ,ਵਿਦਿਆਰਥੀਆਂ ਦੇ ਰਿਆਇਤੀ ਬੱਸ ਪਾਸ ਕਾਲਜਾਂ ਵਿੱਚ ਹੀ ਬਣਾਉਣੇ ਸ਼ੁਰੂ ਕਰਵਾਉਣ, ਕਾਂਸਟੀਚੁਐਂਟ ਕਾਲਜਾਂ ਚ ਪੜ੍ਹਦੇ ਐੱਸਸੀ ਵਿਦਿਆਰਥੀਆਂ ਤੋਂ ਵਸੂਲਿਆ ਗਿਆ ਪੀਟੀਏ ਫੰਡ ਵਾਪਸ ਕਰਵਾਉਣ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੱਤੀ ਸੰਕਟ ਹੱਲ ਕਰਨ ਲਈ ਪੰਜਾਬ ਸਰਕਾਰ ਤੋਂ ਫ਼ੌਰੀ ਗਰਾਂਟ ਜਾਰੀ ਕਰਵਾਉਣ ਵਰਗੀਆਂ ਮੰਗਾਂ ’ਤੇ ਪਿੰਡਾਂ ‘ਚ ਮੁਹਿੰਮ ਚਲਾਈ ਗਈ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲਾਮਬੰਦ ਕੀਤਾ ਗਿਆ ਅਤੇ ਅਖੀਰ ਅੱਜ ਰੈਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਕਾਲਜਾਂ ਨੂੰ ਬਚਾਉਣ ਲਈ ਵਿਦਿਆਰਥੀ ਮਾਪੇ ਅਤੇ ਅਧਿਆਪਕ ਅੱਗੇ ਆਉਣ। ਜ਼ਿਲ੍ਹਾ ਆਗੂਆਂ ਨੇ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦਾ ਇਕ ਜਥਾ ਅੱਜ ਦਿੱਲੀ ਲਈ ਰਵਾਨਾ ਹੋਇਆ ਹੈ। ਅੱਜ ਦੇ ਇਸ ਪ੍ਰੋਗਰਾਮ ਦੌਰਾਨ ਆਗੂਆਂ ਨੇ ਮਨੁੱਖੀ ਅਧਿਕਾਰ ਦਿਵਸ ਵੀ ਮਨਾਇਆ। ਇਸ ਮੌਕੇ ਯੂਨੀਵਰਸਿਟੀ ਕਾਲਜ ਮੂਨਕ ਦੇ ਪ੍ਰੋਫੈਸਰ ਡਾ. ਗੁਰਦਾਸ ਅਤੇ ਦਿਲਬਾਗ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੋਮਲ,ਮਨੀਸ਼ਾ, ਰਜੇਸ਼, ਗੁਰਪ੍ਰੀਤ, ਮਨਪ੍ਰੀਤ, ਕਾਜਲ, ਸਾਵੀ ਅਤੇ ਹੋਰ ਵਿਦਿਆਰਥੀ ਸ਼ਾਮਲ ਸਨ।