ਸੁਭਾਸ਼ ਚੰਦਰ
ਸਮਾਣਾ, 3 ਜਨਵਰੀ
ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਵੱਲੋਂ ਵਿਖਾਈ ਜਾ ਰਹੀ ਸਖ਼ਤੀ ਕਾਰਨ ਸਿਵਲ ਹਸਪਤਾਲ ’ਚ ਕੋਵਿਡ ਵੈਕਸੀਨ ਦਾ ਟੀਕਾਕਰਨ ਕਰਵਾਉਣ ਲਈ ਲੰਮੀਆਂ ਲਾਈਨਾਂ ਲੱਗਣ ਲੱਗ ਪਈਆਂ ਹਨ। ਇਸ ਨਾਲ ਸੋਮਵਾਰ ਨੂੰ ਸਿਵਲ ਹਸਪਤਾਲ ਸਮਾਣਾ ’ਚ ਸਵੇਰ ਤੋਂ ਹੀ ਕਾਫੀ ਭੀੜ ਜਮਾਂ ਹੋ ਗਈ। ਸਰਕਾਰ ਦੀ ਅਣ-ਦੇਖੀ ਕਾਰਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਿਤੇ ਕੋਵਿਡ ਤੋਂ ਬਚਾਅ ਲਈ ਵੈਕਸੀਨ ਲਗਵਾਉਣ ਆਏ ਲੋਕ ਹੀ ਕਰੋਨਾ ਦੀ ਲਪੇਟ ’ਚ ਨਾ ਆ ਜਾਣ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਵੱਧ ਰਹੇ ਕੋਵਿਡ ਕੇਸਾਂ ਨੂੰ ਵੇਖਦਿਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਨ੍ਹਾਂ ਸਰਕਾਰੀ ਜਾਂ ਗੈਰ ਸਰਕਾਰੀ ਮੁਲਾਜ਼ਮਾਂ, ਪਬਲਿਕ ਸਥਾਨਾਂ, ਬੱਸਾਂ ਅਤੇ ਹਸਪਤਾਲਾਂ ਵਿੱਚ ਵੀ ਆਮ ਲੋਕਾਂ ਨੇ ਹੁਣ ਤੱਕ ਕੋਵਿਡ ਵੈਕਸੀਨ ਦਾ ਟੀਕਾਕਰਨ ਨਹੀਂ ਕਰਵਾਇਆ ਤਾਂ ਉਹ ਇਸ ਦਾ ਉਪਯੋਗ ਕਰਨ ਤੇ ਮਨਾਹੀ ਦੇ ਹੁਕਮਾਂ ਦੇ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵੀ ਨਹੀਂ ਮਿਲੇਗੀ। ਐੱਸਐੱਮਓ ਸਮਾਣਾ ਨੇ ਉਨ੍ਹਾਂ ਕਿਹਾ ਕਿ ਪਿੰਡਾਂ ’ਚ ਡਾਕਟਰਾਂ ਦਾ ਸਟਾਫ ਹੜਤਾਲ ’ਤੇੇ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਟੀਕਾਕਰਨ ਕਰਵਾਉਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ, ਜਿਨ੍ਹਾਂ ਨੂੰ ਕਈ ਆਪਸੀ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਆ ਗਿਆ ਹੈ। ਪਰ ਉਹ ਮੰਨ ਨਹੀਂ ਰਹੇ ਜਿਸ ਲਈ ਸਿਕਓਰਿਟੀ ਦਾ ਪ੍ਰੰਬਧ ਕੀਤਾ ਜਾ ਰਿਹਾ ਹੈ।
ਧੂਰੀ ਦੇ ਸਰਕਾਰੀ ਹਸਪਤਾਲ ਵਿੱਚ ਵੀ ਲੱਗੀ ਭੀੜ
ਧੂਰੀ: ਸਰਕਾਰ ਵੱਲੋਂ 15 ਜਨਵਰੀ ਤੋਂ ਬਾਅਦ ਕਰੋਨਾ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਉਪਰ ਸਖ਼ਤੀ ਵਰਤਣ ਦੇ ਆਦੇਸ਼ ਜਾਰੀ ਹੋਣ ਤੋਂ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਵਧ ਗਈ ਹੈ। ਸਰਕਾਰੀ ਹਸਪਤਾਲ ਦੇ ਕਾਰਜਕਾਰੀ ਐੱਸਐੱਮਓ ਡਾਕਟਰ ਪ੍ਰਭਸਿਮਰਨ ਸਿੰਘ ਨੇ ਕਿਹਾ ਸਰਕਾਰੀ ਹਸਪਤਾਲ ਵਿੱਚ ਟੀਕੇ ਤੇ ਹੋਰ ਪ੍ਰਬੰਧਾਂ ਦੀ ਕੋਈ ਘਾਟ ਨਹੀਂ ਪਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਟੀਕੇ ਲਾਉਣ ਵਿੱਚ ਕੁਝ ਪ੍ਰੇਸ਼ਾਨੀ ਆ ਰਹੀ ਹੈ। -ਖੇਤਰੀ ਪ੍ਰਤੀਨਿਧ