ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਅੱਜ 18ਵੇਂ ਦਿਨ ਟੌਲ ਪਲਾਜ਼ਾ ਕਾਲਾਝਾੜ ’ਤੇ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਅਤੇ ਡੀਏਪੀ ਖਾਦ ਦੀ ਸਪਲਾਈ ਨਾ ਕਰਨ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਵੇਚਣ ਅਤੇ ਖੇਤਾਂ ਵਿੱਚ ਕਣਕ ਬੀਜਣ ਸਮੇਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਵੱਧ ਨਮੀ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ, ਲਿਫਟਿੰਗ ਤੇਜ਼ ਕਰਨ, ਲਾਲ ਐਂਟਰੀਆਂ ਦਾ ਸਿਲਸਿਲਾ ਬੰਦ ਕਰਨ, ਪਰਾਲੀ ਦੇ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ, ਡੀਏਪੀ ਖਾਦ ਦੀ ਸਪਲਾਈ ਕਰਨ ਆਦਿ ਮੰਗਾਂ ਲਾਗੂ ਕਰਵਾਉਣ ਤੱਕ ਪੱਕੇ ਮੋਰਚੇ ਜਾਰੀ ਰੱਖਣ ਦਾ ਐਲਾਨ ਕੀਤਾ। ਇਸੇ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਏ ਜਾਣਗੇ। ਕਾਨਫਰੰਸ ਨੂੰ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਅਜੈਬ ਸਿੰਘ ਲੱਖੇਵਾਲ, ਭਰਪੂਰ ਸਿੰਘ ਮੌੜਾਂ, ਜ਼ੋਰਾ ਸਿੰਘ ਕੰਧਾਰਗੜ ਛੰਨਾਂ, ਕਰਨੈਲ ਸਿੰਘ ਗਨੌਟਾ, ਜਗਤਾਰ ਸਿੰਘ ਲੱਡੀ, ਮਨੀ ਸਿੰਘ ਭੈਣੀ ਅਤੇ ਮਿੱਠੂ ਸਿੰਘ ਕਿਲ੍ਹਾ ਭਰੀਆਂ ਆਦਿ ਨੇ ਸੰਬੋਧਨ ਕੀਤਾ।
ਜ਼ੀਰਕਪੁਰ-ਬਠਿੰਡਾ ਮਾਰਗ ’ਤੇ ਧਰਨਾ ਜਾਰੀ
ਸੰਗਰੂਰ (ਗੁਰਦੀਪ ਸਿੰਘ ਲਾਲੀ): ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਵੇਂ ਫੋਰਮਾਂ ਦੇ ਸੱਦੇ ਤਹਿਤ ਕਿਸਾਨਾਂ ਵਲੋਂ ਪਿੰਡ ਬਡਰੁੱਖਾਂ ਵਿੱਚ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ਦੇ ਕਿਨਾਰੇ ਰੋਸ ਧਰਨਾ ਲਗਾਤਾਰ ਜਾਰੀ ਹੈ। ਬੁਲਾਰਿਆਂ ਨੇ ਅੱਜ ਰੋਸ ਧਰਨੇ ਦੇ 9ਵੇਂ ਦਿਨ ਕੇਂਦਰ ਅਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਸਮੁੱਚੇ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਜ਼ਿਲ੍ਹਾ ਕਿਸਾਨ ਆਗੂ ਸੰਤ ਰਾਮ ਛਾਜਲੀ, ਬਲਾਕ ਪ੍ਰਧਾਨ ਸਤਗੁਰ ਸਿੰਘ ਨਮੋਲ ਅਤੇ ਜੰਗੀਰ ਸਿੰਘ ਉਭਾਵਾਲ ਨੇ ਕਿਹਾ ਕਿ ਨਮੀ ਦੀ ਮਾਤਰਾ ਬਹਾਨੇ ਕਿਸਾਨਾਂ ਨੂੰ ਅਨਾਜ ਮੰਡੀਆਂ ਵਿਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਚੁਕਾਈ ਦੇ ਪੁਖਤਾ ਪ੍ਰਬੰਧ ਵੀ ਸਮੇਂ ਸਿਰ ਨਹੀਂ ਕੀਤੇ ਗਏ ਅਤੇ ਨਾ ਹੀ ਸ਼ੈਲਰਾਂ ਵਿਚੋਂ ਚੌਲ ਚੁੱਕਵਾਇਆ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਕੋਈ ਹੱਲ ਨਹੀਂ ਕੀਤਾ ਗਿਆ, ਸਗੋਂ ਉਲਟਾ ਪਰਾਲੀ ਸਾੜਨ ਲਈ ਮਜਬੂਰ ਕਿਸਾਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਕੇ, ਜੁਰਮਾਨੇ ਲਗਾ ਕੇ ਅਤੇ ਮਾਲ ਰਿਕਾਰਡ ਵਿਚ ਰੈੱਡ ਐਂਟਰੀਆਂ ਪਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖਰੀਦ, ਲਿਫਟਿੰਗ, ਡੀਏਪੀ ਖਾਦ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ,ਉਦੋਂ ਤੱਕ ਰੋਸ ਧਰਨੇ ਜਾਰੀ ਰਹਿਣਗੇ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਆਗੂ ਗੁਰਚਰਨ ਸਿੰਘ ਬਹਿੜਵਾਲ, ਨਿਰਭੈ ਸਿੰਘ ਸ਼ਾਹਪੁਰ ਤੇ ਸ਼ਿੰਦਰ ਬਡਰੁੱਖਾਂ ਆਦਿ ਨੇ ਸੰਬੋਧਨ ਕੀਤਾ।