ਬੀਰਬਲ ਰਿਸ਼ੀ
ਸ਼ੇਰਪੁਰ, 7 ਅਗਸਤ
ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਸਮਾਰਟ ਸਕੂਲ ਦੇ ਦਾਅਵਿਆਂ ਦੀ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰ ਨੇ ਫੂਕ ਕੱਢ ਕੇ ਰੱਖ ਦਿੱਤੀ। ਇਸ ਸਕੂਲ ਵਿੱਚ ਸਬਮਰਸੀਬਲ ਮੋਟਰ ਦਾ ਬੋਰ ਬਹਿ ਜਾਣ ਕਾਰਨ ਸਾਰੇ ਸਕੂਲ ਦੇ ਬੱਚੇ ਇੱਕੋ ਕੈਂਪਰ ਤੋਂ ਪਾਣੀ ਪੀ ਕੇ ਡੰਗ ਟਪਾ ਰਹੇ ਹਨ।
ਯਾਦ ਰਹੇ ਕਿ ਕਈ ਵਰ੍ਹੇ ਪਹਿਲਾਂ ਇਸੇ ਸਕੂਲ ਦੇ ਬੱਚਿਆਂ ਦੀ ਪਾਣੀ ਦੀ ਸਮੱਸਿਆ ਨੂੰ ‘ਪੰਜਾਬੀ ਟ੍ਰਿਬਿਊਨ’ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਿਸ ਮਗਰੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਉੱਦਮ ਕਰਦਿਆਂ ਦਾਨੀ ਸੱਜਣਾਂ ਨੂੰ ਪ੍ਰੇਰ ਕੇ ਸਬਮਰਸੀਬਲ ਮੋਟਰ ਲਗਵਾਈ ਸੀ ਜੋ ਬੋਰ ਹੁਣ ਟੁੱਟ ਜਾਣ ਕਾਰਨ ਕਾਫ਼ੀ ਸਮੇਂ ਤੋਂ ਪਾਣੀ ਦੀ ਸਮੱਸਿਆ ਦਰਪੇਸ਼ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗਰਮੀ ਕਾਰਨ ਸਕੂਲ ਦੇ ਬੱਚਿਆਂ ਨੂੰ ਵਾਰ-ਵਾਰ ਪਿਆਸ ਲੱਗਦੀ ਹੈ। ਇਸ ਕਰਕੇ ਇਕੋ ਕੈਂਪਰ ਨੂੰ ਪੰਜ-ਛੇ ਵਾਰ ਰੋਜ਼ਾਨਾ ਆਲੇ-ਦੁਆਲੇ ਦੇ ਘਰਾਂ ਤੋਂ ਪਾਣੀ ਭਰ ਕੇ ਲਿਆਂਦਾ ਜਾਂਦਾ ਹੈ ਜਦੋਂ ਕਿ ਮਿੱਡ-ਡੇਅ ਮੀਲ ਵਾਲੀਆਂ ਬੀਬੀਆਂ ਬੱਚਿਆਂ ਦੇ ਖਾਣੇ ਲਈ ਅਲੱਗ ਤੋਂ ਪਾਣੀ ਲਿਆਉਂਦੀਆਂ ਹਨ ਅਤੇ ਸਕੂਲ ਸਟਾਫ਼ ਆਪਣੇ ਘਰਾਂ ਤੋਂ ਬੋਤਲਾਂ ਰਾਹੀਂ ਪਾਣੀ ਲਿਆ ਕੇ ਡੰਗ ਟਪਾਈ ਕਰ ਰਿਹਾ ਹੈ। ਇਸੇ ਤਰ੍ਹਾਂ ਸਕੂਲ ਵਿੱਚ ਪੰਚਾਇਤੀ ਫੰਡ ਵਿੱਚੋਂ ਦੋ ਕਮਰੇ ਪੈ ਕੇ ਤਿਆਰ ਹਨ ਪਰ ਪਿਛਲੇ ਵਰ੍ਹਿਆਂ ਤੋਂ ਇਨ੍ਹਾਂ ਦਾ ਕੰਮ ਅੱਧ ਵਿਚਕਾਰ ਹੀ ਰੁਕਿਆ ਪਿਆ ਹੈ। ਸਕੂਲ ਮੁਖੀ ਜਲੌਰ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਸਕੂਲ ਵੱਲੋਂ ਬੀਪੀਈਓ ਦਫ਼ਤਰ ਸ਼ੇਰਪੁਰ ਨੂੰ ਮਸਲਿਆਂ ਦੇ ਹੱਲ ਲਈ ਲਿਖ ਕੇ ਭੇਜਿਆ ਹੋਇਆ ਹੈ।
ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਨੇ ਦੱਸਿਆ ਕਿ ਉਨ੍ਹਾਂ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਸੀ ਜਿਨ੍ਹਾਂ ਛੇਤੀ ਹੀ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਧਰਮਪਾਲ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਕੋਲ ਸਕੂਲ ਦੀ ਕੋਈ ਡਿਮਾਂਡ ਨਹੀਂ ਆਈ ਪਰ ਫਿਰ ਵੀ ਉਹ ਇਸ ਮਾਮਲੇ ’ਚ ਤੁਰੰਤ ਲੋੜੀਂਦੇ ਕਾਰਵਾਈ ਕਰਨਗੇ।