ਪੱਤਰ ਪ੍ਰੇਰਕ
ਲਹਿਰਾਗਾਗਾ, 13 ਅਪਰੈਲ
ਇੱਥੇ ਅਨਾਜ ਮੰਡੀ ਵਿੱਚ ਅੱਜ ਕਣਕ ਦੀ ਸਰਕਾਰੀ ਖਰੀਦ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਅਨੰਦ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਸ਼ੁਰੂ ਕਰਵਾਈ।
ਇਸ ਦੇ ਚਲਦਿਆਂ ਵਿਸਾਖੀ ਵਾਲੇ ਦਿਨ ਪਹਿਲੀ ਢੇਰੀ ਸੰਜੇ ਐਂਡ ਕੰਪਨੀ ਦੀ ਦੁਕਾਨ ਉੱਤੇ ਕਿਸਾਨ ਸਤਿਗੁਰ ਸਿੰਘ ਖੰਡੇਬਾਦ ਅਤੇ ਜਗਤਾਰ ਸਿੰਘ ਖਾਈ ਦੀ ਕਣਕ ਪਨਗ੍ਰੇਨ ਏਜੰਸੀ ਵੱਲੋਂ ਸਰਕਾਰੀ ਰੇਟ ਉੱਤੇ ਖਰੀਦ ਕੀਤੀ ਗਈ। ਖਰੀਦ ਸ਼ੁਰੂ ਕਰਵਾਉਣ ਮਗਰੋਂ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਕਿਹਾ ਕਿ ਕਿਸਾਨ, ਆੜ੍ਹਤੀਏ ਅਤੇ ਮਜ਼ਦੂਰ ਬੇਫਿਕਰ ਹੋ ਜਾਣ ਕਿਉਂਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਇੰਤਜ਼ਾਮ ਮੁਕੰਮਲ ਕੀਤੇ ਹੋਏ ਹਨ। ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਚੇਅਰਮੈਨ ਸ਼ੀਸ਼ਪਾਲ ਅਨੰਦ ਨੇ ਦੱਸਿਆ, ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਡੇ ਵੱਲੋਂ ਸਥਾਨਕ ਅਨਾਜ ਮੰਡੀ ਸਮੇਤ ਖਰੀਦ ਕੇਂਦਰਾਂ ਵਿੱਚ ਪੂਰੇ ਇਤਜ਼ਾਮ ਮੁਕੰਮਲ ਹਨ। ਸਰਕਾਰ ਵੱਲੋਂ ਖਰੀਦ ਕੀਤੀ ਕਣਕ ਦੀ ਲਿਫਟਿੰਗ ਅਤੇ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾਵੇਗੀ।