ਰਵੇਲ ਸਿੰਘ ਭਿੰਡਰ
ਪਟਿਆਲਾ, 5 ਜੁਲਾਈ
ਹਾਲ ਹੀ ਵਿੱਚ ਨਵੋਦਿਆ ਵਿਦਿਆਲਾ ਲਈ ਹੋਈ ਪ੍ਰੀਖਿਆ ਵਿਚ ਪਟਿਆਲਾ ਜ਼ਿਲ੍ਹੇ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰਦਿਆਂ ਨਿੱਜੀ ਸਕੂਲਾਂ ਨੂੰ ਪਛਾੜ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਨਵੋਦਿਆ ਸਕੂਲ ਲਈ ਛੇਵੀਂ ਜਮਾਤ ਵਾਸਤੇ 80 ਸੀਟਾਂ ਸਨ, ਜਿਨ੍ਹਾਂ ਵਿਚੋਂ ਸਰਕਾਰੀ ਸਕੂਲਾਂ ਦੇ 55 ਵਿਦਿਆਰਥੀਆਂ ਨੇ ਦਾਖ਼ਲਾ ਟੈਸਟ ਪਾਸ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਸਰਕਾਰੀ ਸਕੂਲਾਂ ਦੇ 35 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ। ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ 10 ਵਿਦਿਆਰਥੀ ਸਮਾਣਾ-1 ਬਲਾਕ ਦੇ ਸਕੂਲਾਂ ਵਿਚੋਂ ਹਨ। ਇਸ ਦੇ ਨਾਲ ਹੀ ਦਰਜ਼ਨ ਦੇ ਕਰੀਬ ਅਜਿਹੇ ਸਰਕਾਰੀ ਸਕੂਲ ਵੀ ਹਨ ਜਿਨ੍ਹਾਂ ਦੇ 2-2 ਤੋਂ ਵਧੇਰੇ ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਡੀ.ਈ.ਓ. ਇੰਜੀ. ਅਮਰਜੀਤ ਸਿੰਘ ਨੇ ਕੁਝ ਵਿਦਿਆਰਥੀਆਂ ਦਾ ਘਰਾਂ ਵਿਚ ਜਾ ਕੇ ਸਨਮਾਨ ਵੀ ਕੀਤਾ।