ਹਰਦੀਪ ਸਿੰਘ ਸੋਢੀ
ਧੂਰੀ, 25 ਨਵੰਬਰ
ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ ਦੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਪੰਜਾਬ ਸਰਕਾਰ ਹਰ ਸਹੂਲਤ ਦੇਣ ਲਈ ਵਚਨਬੱਧ ਹੈ।
ਇੱਥੇ ਸੰਗਰੂਰ ਡਿਸਟ੍ਰਿਕ ਇੰਡਸਟਰੀਅਲ ਚੈਂਬਰ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਕਰਵਾਈ ਗਈ ਸਾਂਝੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ ਹੁਣ ਤੱਕ 90 ਪ੍ਰਤੀਸ਼ਤ ਮੁੁਸ਼ਕਲਾਂ ਦਾ ਨਬਿੇੜਾ ਕਰਦਿਆਂ ਕਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਮਸਲੇ ਵੀ ਜਲਦੀ ਹੱਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ। ਪਿਛਲੇ ਸਾਢੇ ਚਾਰ ਸਾਲਾਂ ਅੰਦਰ ਸੂਬੇ ਵਿੱਚ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ ਆਰਥਿਕਤਾ ਮਜ਼ਬੂਤ ਹੋਈ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਅਤੇ ਵਪਾਰੀਆਂ ਵਿਰੁੱਧ ਵੈਟ ਦੇ ਸਾਲ 2014-15, 2015-16 ਅਤੇ 2016-17 ਤੱਕ ਦੇ 40 ਹਜ਼ਾਰ ਕੇਸ ਰੱਦ ਕੀਤੇ ਜਾਣਗੇ। ਬਾਕੀ ਰਹਿੰਦੇ 8000 ਕੇਸਾਂ ਦਾ ਨਿਪਟਾਰਾ ਕੁਲ ਬਕਾਇਆ ਟੈਕਸ ਦੇਣਦਾਰੀ ਦਾ ਸਿਰਫ਼ 30 ਫੀਸਦੀ ਜਮ੍ਹਾਂ ਕਰਕੇ ਕੀਤਾ ਜਾਵੇਗਾ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਇਸ 30 ਫੀਸਦੀ ਦੇਣਦਾਰੀ ਦਾ ਸਿਰਫ 20 ਫੀਸਦੀ ਜਮ੍ਹਾਂ ਕਰਨਾ ਪਵੇਗਾ ਅਤੇ ਬਾਕੀ 80 ਫੀਸਦ ਅਗਲੇ ਸਾਲ ਜਮ੍ਹਾਂ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵੱਧ ਸਹੂਲਤਾਂ ਦੇਣ ਰਹੀ ਹੈ। ਉਨ੍ਹਾਂ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਟੇਟ ਡਿਵੈਲਪਮੈਂਟ ਟੈਕਸ ਸਬੰਧੀ ਸਰਕਾਰ ਇਸ ’ਤੇ ਵਿਚਾਰ ਕਰ ਰਹੀ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਜਨਰਲ ਸਕੱਤਰ ਸਮੀਰ ਜੈਨ, ਸੰਗਰੂਰ ਇੰਡਸਟਰੀਅਲ ਚੈਂਬਰ ਦੇ ਪ੍ਰਧਾਨ ਘਨਸ਼ਿਆਮ ਕਾਂਸਲ ਤੇ ਚੇਅਰਮੈਨ ਡਾ. ਏਆਰ ਸ਼ਰਮਾ, ਬਲਾਕ ਪ੍ਰਧਾਨ ਧੂਰੀ ਸੰਜੀਵ ਗੋਇਲ ਤੇ ਵਪਾਰੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨੂੰ ਦਿੱਤੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸੋਨੀ, ਵਿਧਾਇਕ ਗੋਲਡੀ ਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ, ਐੱਸਐੱਸਪੀ ਸਵਪਨ ਸ਼ਰਮਾ, ਐਸ.ਡੀ.ਐਮ ਸ਼੍ਰੀਮਤੀ ਇਸਮਤ ਵਿਜੇ ਸਿੰਘ ਤੋਂ ਇਲਾਵਾ ਐਮ.ਪੀ ਸਿੰਘ, ਸੰਜੀਵ ਚੋਪੜਾ, ਸੰਜੀਵ ਸੂਦ, ਰਾਜੀਵ ਮੱਖਣ, ਸੰਦੀਪ ਬਾਂਸਲ, ਪ੍ਰੋ. ਵਿਜੇ ਮੋਹਨ, ਸੁਨੀਲ ਗੋਇਲ ਸਮੇਤ ਹੋਰ ਉਦਯੋਗਪਤੀ, ਵਪਾਰੀ ਤੇ ਅਧਿਕਾਰੀ ਵੀ ਹਾਜ਼ਰ ਸਨ।