ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਮਈ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਵਰਚੁਅਲ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਸੇਵਾਮੁਕਤ ਅਧਿਆਪਕਾਂ ਤੋਂ ਸਵੈਇਛੱਤ ਸੇਵਾਵਾਂ ਲੈਣ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਸੇਵਾਮੁਕਤ ਅਧਿਆਪਕਾਂ ਦੇ ਸਹਾਰੇ ਵਿਭਾਗ ਚਲਾਉਣ ਦੀ ਕਵਾਇਤ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ ਹੈ ਤੇ ਸਰਕਾਰ ਡੰਗ ਟਪਾਈ ਦੀ ਨੀਤੀ ਤਹਿਤ ਅਧਿਆਪਕਾਂ ਦੀ ਭਰਤੀ ਨਾ ਕਰ ਕੇ ਵਿਭਾਗ ਨੂੰ ਖ਼ਤਮ ਕਰਨ ਵੱਲ ਜਾ ਰਹੀ ਹੈ। ਇਸ ਦਾ ਅਧਿਆਪਕ ਜਥੇਬੰਦੀਆਂ ਇਕੱਠੇ ਹੋ ਕੇ ਟਾਕਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਕੇਂਦਰੀ ਕਾਲੀ ਸਿੱਖਿਆ ਨੀਤੀ 2020 ਨੂੰ ਤੇਜ਼ੀ ਨਾਲ ਲਾਗੂ ਕਰ ਰਹੇ ਹਨ ਜਿਸ ਤਹਿਤ ਵਿਭਾਗ ਦੀ ਅਕਾਰ ਘਟਾਈ ਕਰ ਕੇ ਇਸ ਨੂੰ ਖ਼ਤਮ ਕਰਨ ਵੱਲ ਕਦਮ ਹੈ। ਇਸ ਤਹਿਤ ਸਿੱਖਿਆ ਗ਼ਰੀਬਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਮੀਟਿੰਗ ਵਿਚ ਵਿੱਤ ਸਕੱਤਰ ਅਮਨਦੀਪ ਸ਼ਰਮਾ, ਪ੍ਰੈਸ ਸਕੱਤਰ ਸੁਰਜੀਤ ਸਿੰਘ ਮੋਹਾਲੀ, ਸੀਨੀਅਰ ਮੀਤ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ, ਮੀਤ ਪ੍ਰਧਾਨ ਕੁਲਦੀਪ ਸਿੰਘ ਪੁਰੋਵਾਲ, ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਜੁਆਇਟ ਸਕੱਤਰ ਪੁਸ਼ਪਿੰਦਰ ਸਿੰਘ ਹਰਪਾਲਪੁਰ, ਸਹਾਇਕ ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਅਤੇ ਦਿਲਬਾਗ ਸਿੰਘ ਤੁੜ ਆਦਿ ਹਾਜ਼ਰ ਸਨ।