ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਦਸੰਬਰ
ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੇ ਵਿਰੋਧ ਵਿਚ ਆੜ੍ਹਤੀਆ ਐਸੋਸੀਏਸ਼ਨਾਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਸਥਾਨਕ ਅਨਾਜ ਮੰਡੀ ਬੰਦ ਰਹੀ। ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੋਮ ਨਾਥ ਬਾਂਸਲ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੇ ਰੋਸ ਵਜੋਂ ਅੱਜ ਅਨਾਜ ਮੰਡੀ ਮੁਕੰਮਲ ਰੂਪ ਵਿਚ ਬੰਦ ਰਹੀ ਅਤੇ ਸਮੁੱਚਾ ਕੰਮਕਾਰ ਠੱਪ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 23 ਦਸੰਬਰ ਨੂੰ ਅਨਾਜਮੰਡੀ ਵਿਚ ਭੁੱਖ ਹੜਤਾਲ ਰੱਖੀ ਜਾਵੇਗੀ ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਵੀ ਸ਼ਾਮਲ ਹੋਣਗੇ।
ਸਮਾਣਾ ਦੀ ਅਨਾਜ ਮੰਡੀ ਮੁੰਕਮਲ ਬੰਦ
ਸਮਾਣਾ (ਸੁਭਾਸ਼ ਚੰਦਰ): ਆੜ੍ਹਤੀ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਪਵਨ ਬਾਂਸਲ ਅਤੇ ਸੂਬੇ ਦੇ ਕੁਝ ਹੋਰ ਆੜ੍ਹਤੀਆਂ ਦੇ ਆਗੂਆਂ ’ਤੇ ਪਿਛਲੇ ਦਿਨੀ ਈਡੀ ਦੀ ਹੋਈ ਰੇਡ ਦੇ ਵਿਰੋਧ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦੇ ਸੱਦੇ ’ਤੇ ਆੜ੍ਹਤੀ ਐਸੋਸੀਏਸ਼ਨ ਦੇ ਸਮੂਹ ਆੜ੍ਹਤੀਆਂ ਨੇ ਵੀ ਮੰਗਲਵਾਰ ਨੂੰ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਚਾਰ ਦਿਨ ਲਈ ਬੰਦ ਕਰਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ। ਆੜ੍ਹਤੀ ਐਸੋਸੀਏਸ਼ਨ ਸਮਾਣਾ ਦੇ ਵਾਇਸ ਪ੍ਰਧਾਨ ਕਸ਼ਮੀਰ ਸਿੰਘ ਰਾਜਲਾ ਨੇ ਕਿਹਾ ਕਿ ਆੜ੍ਹਤੀ ਵਰਗ ਧਮਕੀਆਂ ਅੱਗੇ ਝੁਕਣ ਵਾਲਾ ਨਹੀਂ ਅਤੇ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹਾ ਰਹੇਗਾ ਅਤੇ ਐਲਾਨੇ ਪ੍ਰੋਗਰਾਮ ਤਹਿਤ 22 ਤੋਂ 25 ਦਸੰਬਰ ਤੱਕ ਹੜਤਾਲ ਕਰਕੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖੇ ਜਾਣਗੇ।
ਦੂਜੇ ਦਿਨ ਵੀ ਜਾਰੀ ਰਹੀ ਆੜ੍ਹਤੀਆਂ ਦੀ ਸੂਬਾਈ ਹੜਤਾਲ਼
ਪਟਿਆਲਾ (ਸਰਬਜੀਤ ਸਿੰਘ ਭੰਗੂ): ਆਮਦਨ ਕਰ ਵਿਭਾਗ ਦੀ ਛਾਪੇ ਮਾਰੂ ਕਾਰਵਾਈ ਦੇ ਖ਼ਿਲਾਫ਼ ਆੜ੍ਹਤੀ ਵਰਗ ਦੀ ਸੂਬਾਈ ਹੜਤਾਲ਼ ਅੱਜ ਦੂਜੇ ਦਿਨ ਵੀ ਜਾਰੀ ਰਹੀ। ਰਵਿੰਦਰ ਚੀਮਾ ਦੀ ਅਗਵਾਈ ਹੇਠਲੀ ਆੜ੍ਹਤੀ ਐਸੋਸੀਏਸ਼ਨ ਨੇ ਤਾਂ ਭਾਵੇਂ ਕਿ ਸੋਮਵਾਰ ਤੋਂ ਹੀ ਹੜਤਾਲ਼ ਸ਼ੁਰੂ ਕਰ ਦਿੱਤੀ ਸੀ ਪਰ ਵਿਜੈ ਕਾਲੜਾ ਦੀ ਅਗਵਾਈ ਹੇਠਲੇ ‘ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ’ ਵੱਲੋਂ ਵੀ ਅੱਜ ਰਾਜ ਪੱਧਰ ’ਤੇ ਹੜਤਾਲ਼ ਆਰੰਭ ਦਿੱਤੀ ਗਈ ਹੈ। ਦੋਵਾਂ ਪ੍ਰਧਾਨਾ ਦਾ ਕਹਿਣਾ ਸੀ ਕਿ ਛਾਪਾ ਮਾਰਨ ਵਾਲੀਆਂ ਟੀਮਾਂ ਦਾ ਆੜ੍ਹਤੀ ਵਰਗ ਘਿਰਾਓ ਕਰੇਗਾ।
ਕਿਸਾਨਾਂ ਤੇ ਆੜ੍ਹਤੀਆਂ ਦਾ ਨਹੁੰ-ਮਾਸ ਦਾ ਰਿਸ਼ਤਾ: ਕਾਲੜਾ
ਧੂਰੀ (ਹਰਦੀਪ ਸਿੰਘ ਸੋਢੀ): ਫੈਡਰੇਸ਼ਨ ਆਫ਼ ਆੜ੍ਹਤੀਆ ਐਸ਼ੋਸੀਏਸ਼ਨ ਆਫ਼ ਪੰਜਾਬ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਨੇ ਅੱਜ ਇਥੇ ਸਥਾਨਕ ਨਵੀਂ ਮੰਡੀ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਕਰਵਾਈ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦਾ ਸਦੀਆਂ ਤੋਂ ਨਹੁੰ-ਮਾਸ ਦਾ ਰਿਸ਼ਤਾ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਤਸ਼ੱਦਦ ਖਿਲਾਫ਼ 25 ਦਸੰਬਰ ਤੱਕ ਸਮੁੱਚੇ ਆੜ੍ਹਤੀਆਂ ਵੱਲੋਂ ਹੜਤਾਲ ਕੀਤੀ ਗਈ ਹੈ, ਪਰ ਜੇਕਰ ਕੇਂਦਰ ਸਰਕਾਰ ਦਾ ਸਿਆਸੀ ਤਸੱਦਦ ਬੰਦ ਨਾ ਹੋਇਆ ਤਾਂ ਇਸ ਹੜਤਾਲ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।।