ਬੀਰਬਲ ਰਿਸ਼ੀ
ਸ਼ੇਰਪੁਰ, 24 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ ਸਿੱਧੂ ਨੇ ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਵਿਖੇ ਇਲਾਕੇ ਦੇ ਤਕਰੀਬਨ ਢਾਈ ਦਰਜਨ ਪਿੰਡਾਂ ਦੇ ਵਿਦਿਆਰਥੀਆਂ ਨੂੰ ਲਿਆਉਣ ਤੇ ਛੱਡ ਕੇ ਆਉਣ ਲਈ ਸਰਕਾਰੀ ਖਰਚੇ ’ਤੇ ਚਲਾਈਆਂ ਤਿੰਨ ਬੱਸਾਂ ਨੂੰ ਰਸਮੀ ਤੌਰ ’ਤੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਕਾਰਜ ਦੇ ਆਗਾਜ਼ ਲਈ ਸਕੂਲ ਵਿਦਿਆਰਥਣ ਬੇਅੰਤ ਕੌਰ ਤੋਂ ਰਿਬਨ ਵੀ ਕਟਵਾਇਆ। ਓਐੱਸਡੀ ਪ੍ਰੋ. ਓਂਕਾਰ ਸਿੰਘ ਸਿੱਧੂ ਨਾਲ ਉਚੇਚੇ ਤੌਰ ’ਤੇ ਮੁੱਖ ਮੰਤਰੀ ਦਫ਼ਤਰ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ, ਟੀਮ ਮੈਂਬਰ ਅਮੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਵਿੰਦਰ ਕੌਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਰੇਸ਼ ਸੈਣੀ ਅਤੇ ਪ੍ਰਿੰਸੀਪਲ ਖੁਸ਼ਦੀਪ ਗੋਇਲ ਹਾਜ਼ਰ ਸਨ। ਓਐਸਡੀ ਸ੍ਰੀ ਸਿੱਧੂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਤੇ ਸਿਹਤ ਖੇਤਰ ਨੂੰ ਪਹਿਲੀ ਤਰਜੀਹ ਦਿੰਦੇ ਹਨ ਜਿਸ ਕਰਕੇ ਸਕੂਲ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਪਿੰਡਾਂ ਤੋਂ ਆਉਣ ਜਾਣ ਲਈ 80 ਪ੍ਰਤੀਸ਼ਤ ਸਰਕਾਰੀ ਖਰਚੇ ’ਤੇ ਬੱਸਾਂ ਦੀ ਵੱਡੀ ਸਹੂਲਤ ਦਿੱਤੀ ਹੈ। ‘ਆਪ’ ਦੇ ਸੀਨੀਅਰ ਆਗੂ ਮਾਸਟਰ ਕੁਲਵੰਤ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ ਘਨੌਰੀ, ਨੱਥਾ ਸਿੰਘ ਅਤੇ ਨੰਬਰਦਾਰ ਮਿੱਠਾ ਨੇ ਪਿੰਡ ਦੇ ਲੋਕਾਂ ਨੂੰ ਦਰਪੇਸ਼ ਮਸਲਿਆਂ ਸਬੰਧੀ ਓਐੱਸਡੀ ਨਾਲ ਮੁਲਾਕਾਤ ਕੀਤੀ।