ਮੇਜਰ ਸਿੰਘ ਮੱਟਰਾਂ
ਭਵਾਨੀਗੜ, 14 ਜੁਲਾਈ
ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਹਿਤ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਨੇੜਲੇ ਪਿੰਡ ਡੇਹਲੇਵਾਲ ਵਿੱਚ ਬੂਟੇ ਲਗਾਏ ਗਏ।
ਇਸ ਮੌਕੇ ਵਿਧਾਇਕ ਭਰਾਜ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਸਮੁੱਚੇ ਸਮਾਜ ਅਤੇ ਕਾਇਨਾਤ ਲਈ ਖਤਰਨਾਕ ਹੈ। ਇਸ ਨੂੰ ਬਚਾਉਣ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਰਲ-ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਡੇਹਲੇਵਾਲ ਵਿੱਚ ਜ਼ਿਲ੍ਹਾ ਜੰਗਲਾਤ ਅਫਸਰ ਮੋਨੀਕਾ ਯਾਦਵ ਵਣ ਵਿਭਾਗ ਸੰਗਰੂਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਏਕੜ ਰਕਬੇ ਵਿੱਚ ਤ੍ਰਿਵੈਣੀ ਅਤੇ ਫ਼ਲਦਾਰ ਪੌਦੇ ਲਗਾਏ ਗਏ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸੰਗਰੂਰ ਹਲਕੇ ਦੇ ਹਰ ਪਿੰਡ ’ਚ ਲੈ ਕੇ ਜਾਵਾਂਗੇ ਅਤੇ ਸੰਗਰੂਰ ਹਲਕੇ ਨੂੰ ਹਰਾ ਭਰਾ ਬਣਾਵਾਂਗੇ।