ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਅਕਤੂਬਰ
ਪਿਛਲੇ ਕੁਝ ਦਿਨਾਂ ਵਿੱਚ ਹੀ ਆਲੂ, ਪਿਆਜ਼ ਤੇ ਹੋਰ ਸਬਜ਼ੀਆਂ ਦੇ ਰੇਟਾਂ ’ਚ ਆਈ ਤੇਜ਼ੀ ਨੇ ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਵਰਗ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਬਜ਼ੀਆਂ ਦੇ ਅਸਮਾਨੀ ਚੜ੍ਹੇ ਰੇਟਾਂ ਕਾਰਨ ਆਮ ਵਰਗ ਦੇ ਪਰਿਵਾਰਾਂ ਦੀ ਥਾਲ਼ ’ਚੋਂ ਹਰੀਆਂ ਸਬਜ਼ੀਆਂ ਗਾਇਬ ਹੋ ਗਈਆਂ ਜਾਪਦੀਆਂ ਹਨ।
ਪਿਛਲੇ ਕੁਝ ਦਿਨਾਂ ਵਿੱਚ ਸਬਜ਼ੀਆਂ ਦੇ ਰੇਟ ਕਈ ਗੁਣਾ ਵਧ ਗਏ ਹਨ। ਪਿਛਲੇ ਹਫ਼ਤੇ ਤੱਕ ਇੱਥੇ ਪ੍ਰਚੂਨ ਵਿੱਚ 40 ਰੁਪਏ ਕਿੱਲੋ ਵਿਕਣ ਵਾਲਾ ਪਿਆਜ਼ ਇਸ ਵੇਲੇ 80 ਰੁਪਏ ਕਿੱਲੋ ਤੱਕ ਵਿਕਣ ਲੱਗਿਆ ਹੈ। ਢਾਬਿਆਂ ਵਿੱਚ ਖਾਣੇ ਨਾਲ ਮਿਲਣ ਵਾਲੇ ਸਲਾਦ ’ਚ ਪਿਆਜ਼ ਦੀ ਥਾਂ ਮੂਲੀਆਂ ਨੇ ਲੈ ਲਈ ਹੈ। ਥੋਕ ਸਬਜ਼ੀ ਵਪਾਰੀਆਂ ਨੇ ਦੱਸਿਆ ਕਿ ਅੱਜ ਇੱਥੋਂ ਦੀ ਸਬਜ਼ੀ ਮੰਡੀ ’ਚ ਪੁਰਾਣੇ ਪਿਆਜ਼ 6500 ਰੁਪਏ ਅਤੇ ਨਵੇਂ ਪਿਆਜ਼ 7000 ਰੁਪਏ ਕੁਇੰਟਲ ਵਿਕੇ ਹਨ ਅਤੇ ਇਸ ’ਤੇ ਆੜ੍ਹਤ ਤੇ ਮਜ਼ਦੂਰੀ ਦਾ ਖਰਚਾ ਲਾਉਣ ਮਗਰੋਂ ਥੋਕ ਵਪਾਰੀ ਹੀ ਪਿਆਜ਼ 80 ਰੁਪਏ ਕਿੱਲੋ ਵੇਚ ਰਹੇ ਹਨ। ਪਿਆਜ਼ ਦੇ ਵਧੇ ਹੋਏ ਰੇਟਾਂ ਨੂੰ ਦੇਖਦੇ ਹੋਏ ਕੁਝ ਕਿਸਾਨ ਪਿਆਜ਼ ਦੀ ਪਨੀਰੀ ਲਿਜਾ ਕੇ ਬੀਜਣ ਲੱਗੇ ਹਨ।
ਇਹੀ ਹਾਲ ਹਰ ਸਬਜ਼ੀ ਵਿੱਚ ਪੈਣ ਵਾਲੇ ਆਲੂ ਦਾ ਹੈ। ਇੱਥੇ ਆਲੂ 50 ਰੁਪਏ ਕਿੱਲੋ, ਟਮਾਟਰ 50 ਰੁਪਏ ਕਿੱਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਹਰੇ ਮਟਰ 150 ਰੁਪਏ, ਗਾਜਰ 60 ਰੁਪਏ, ਫਲੀਆਂ 80 ਰੁਪਏ, ਗੋਭੀ 60 ਰੁਪਏ, ਕੱਦੂ 60 ਰੁਪਏ, ਖੀਰਾ 40-50 ਰੁਪਏ, ਨਿੰਬੂ 120 ਰੁਪਏ ਕਿੱਲੋੋ ਮਿਲ ਰਹੇ ਹਨ। ਇੱਥੋਂ ਤੱਕ ਕਿ ਕਿਸੇ ਵੇਲੇ ਸਬਜ਼ੀ ਦੇ ਨਾਲ ਮੁਫ਼ਤ ਵਿੱਚ ਮਿਲਣ ਵਾਲੀ ਹਰੀ ਮਿਰਚ ਵੀ 80-90 ਰੁਪਏ ਕਿੱਲੋ ਵਿੱਕ ਰਹੀ ਹੈ। ਇਸ ਤੋਂ ਇਲਾਵਾ ਧਨੀਆ ਵੀ ਕਾਫੀ ਮਹਿੰਗਾ ਵਿਕ ਰਿਹਾ ਹੈ।
ਸਬਜ਼ੀ ਵਿਕਰੇਤਾ ਇੰਦੂ ਅਰੋੜਾ ਦਾ ਕਹਿਣਾ ਹੈ ਕਿ ਰੇਲ ਗੱਡੀਆਂ ਬੰਦ ਹੋਣ ਕਰ ਕੇ ਅਤੇ ਬਾਰਿਸ਼ਾਂ ਹੋਣ ਕਰਕੇ ਪਿਆਜ ਖ਼ਰਾਬ ਹੋ ਗਿਆ ਹੈ ਜਿਸ ਕਰ ਕੇ ਕਾਫੀ ਮਹਿੰਗਾ ਹੋਇਆ ਪਿਆ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਸਬਜ਼ੀ ਦੀ ਕਾਸ਼ਤ ਘੱਟ ਹੋਣ ਕਰਕੇ ਬਹੁਤੀ ਸਬਜ਼ੀ ਬਾਹਰੋਂ ਆ ਰਹੀ ਹੈ ਅਤੇ ਮਾਲੇਰਕੋਟਲਾ, ਸੁਨਾਮ ਤੇ ਪਾਤੜਾਂ ਤੋਂ ਆਉਣ ਵਾਲੀ ਸਬਜ਼ੀ ’ਤੇ ਦੋਹਰੀ ਮਾਰਕੀਟ ਫੀਸ ਲੱਗਣ ਕਰ ਕੇ ਸਿੱਧੇ 10 ਫੀਸਦੀ ਰੇਟ ਵਧ ਜਾਂਦੇ ਹਨ ਜਿਸ ਦਾ ਖ਼ਾਮਿਆਜ਼ਾ ਖ਼ਪਤਕਾਰਾਂ ਅਤੇ ਪ੍ਰਚੂਨ ਦੁਕਾਨਦਾਰਾਂ ਨੂੰ ਭੁਗਤਣਾ ਪੈਂਦਾ ਹੈ। ਏਟਕ ਦੇ ਬਲਾਕ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਬਾਗੀ ਨੇ ਮੰਗ ਕੀਤੀ ਕਿ ਗਰੀਬਾਂ ਨੂੰ ਡਿੱਪੂਆਂ ਰਾਹੀਂ ਸਸਤੀਆਂ ਦਾਲਾਂ, ਪਿਆਜ਼, ਸਬਜ਼ੀਆਂ ਆਦਿ ਸਬਸਿਡੀ ’ਤੇ ਦਿੱਤੀਆਂ ਜਾਣ।