ਖੇਤਰੀ ਪ੍ਰਤੀਨਿਧ/ਨਿਜੀ ਪੱਤਰ ਪ੍ਰੇਰਕ
ਧੂਰੀ, 23 ਮਈ
ਸਾਹਿਤ ਸਭਾ ਧੂਰੀ ਅਤੇ ਗੋਮੀ ਪਰਿਵਾਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਅਗਵਾਈ ਹੇਠ ਇੱਥੇ ਕਰਵਾਏ ਸਮਾਗਮ ਵਿੱਚ ਉੱਘੇ ਨਾਵਲਕਾਰ ਅਤੇ ਕਹਾਣੀਕਾਰ ਮਰਹੂਮ ਗੁਰਮੁਖ ਸਿੰਘ ਗੋਮੀ ਦਾ ਕਹਾਣੀ-ਸੰਗ੍ਰਿਹ ‘ਦਾਸਤਾਨ ਦੀ ਮੌਤ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਨੇ ਕੀਤੀ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਬੀਬੀ ਮਨਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮੇਂ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ, ਜਿਸ ਵਿੱਚ ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਅਮਨਦੀਪ ਸਿੰਘ ਧਾਂਦਰਾ, ਬਲਵਿੰਦਰ ਸਿੰਘ ਬਿੱਲੂ ਅਤੇ ਹਰਪ੍ਰੀਤ ਸਿੰਘ ਗਿੱਲ ਹਾਜ਼ਰ ਸਨ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ, ਮਹਿੰਦਰ ਕੌਰ (ਗੋਮੀ ਦੀ ਧਰਮ-ਪਤਨੀ), ਕਹਾਣੀਕਾਰ ਅਜਮੇਰ ਸਿੱਧੂ, ਜਗਦੀਸ਼ ਰਾਣਾ ਅਤੇ ਜਸਵੀਰ ਰਾਣਾ ਸ਼ਾਮਲ ਹੋਏ । ਪੁਸਤਕ ‘ਦਾਸਤਾਨ ਦੀ ਮੌਤ’ ਨੂੰ ਲੋਕ ਅਰਪਣ ਕਰਨ ਦੀ ਰਸਮ ਬੀਬੀ ਮਨਪ੍ਰੀਤ ਕੌਰ ਅਤੇ ਪ੍ਰਧਾਨਗੀ ਮੰਡਲ ਨੇ ਨਿਭਾਈ। ਇਸ ਮੌਕੇ ’ਤੇ ਪਵਨ ਹਰਚੰਦਪੁਰੀ ਦੀ ਬਹੁਤ ਹੀ ਮਕਬੂਲ ਕਵਿਤਾ ‘ਕਿਤਾਬਾਂ’ ਨੂੰ ਕੈਲੰਡਰ ਵਜੋਂ ਲੋਕ ਅਰਪਣ ਕੀਤਾ ਗਿਆ। ਅਗਲੇ ਦੌਰ ਵਿੱਚ ਪੰਜਾਬੀ ਦੇ ਨਾਮਵਰ ਲੇਖਕ ਅਤੇ ਆਲੋਚਕ ਪ੍ਰੋ. ਸੰਧੂ ਵਰਿਆਣਵੀ ਨੇ ਗੁਰਮੁੱਖ ਸਿੰਘ ਗੋਮੀ ਦੀ ਇਸ ਪੁਸਤਕ ’ਤੇ ਆਪਣਾ ਲਿਖਿਆ ਪੇਪਰ ਪੜ੍ਹਿਆ। ਸਮਾਗਮ ਵਿੱਚ ਬਹਿਸ ਦਾ ਆਰੰਭ ਉੱਘੇ ਕਹਾਣੀਕਾਰ ਜਸਵੀਰ ਰਾਣਾ ਨੇ ਕੀਤਾ। ਉਪਰੰਤ ਹੋਈ ਵਿਚਾਰ-ਚਰਚਾ ਵਿਚ ਗੁਲਜ਼ਾਰ ਸਿੰਘ ਸ਼ੌਂਕੀ, ਕਰਤਾਰ ਠੁੱਲੀਵਾਲ, ਅਮਰਜੀਤ ਸਿੰਘ ਅਮਨ ਨੇ ਭਾਗ ਲਿਆ। ਗੋਮੀ ਪਰਿਵਾਰ ਵੱਲੋਂ ਸਮੁੱਚੇ ਪ੍ਰਧਾਨਗੀ ਮੰਡਲ ਪ੍ਰਕਾਸ਼ਕ ਅਮਰਿੰਦਰ ਸਿੰਘ ਸੋਹਲ ਅਤੇ ਕਹਾਣੀਕਾਰ ਜਸਦੇਵ ਜੱਸ ਦਾ ਸਨਮਾਨ ਕੀਤਾ ਗਿਆ। ਸਾਹਿਤ ਸਭਾ ਅਤੇ ਮਨਜੀਤ ਸਿੰਘ ਬਖਸ਼ੀ ਸਾਬਕਾ ਡੀਪੀਆਰਓ ਵੱਲੋਂ ਗੁਰਮੁਖ ਸਿੰਘ ਗੋਮੀ ਦੇ ਪੁੱਤਰਾਂ ਗੁਰਇਕਬਾਲ ਰੋਮੀ ਅਤੇ ਗੁਰਦੀਪ ਸਿੰਘ ਦਾ ਵੀ ਸਨਮਾਨ ਕੀਤਾ।