ਪਵਨ ਕੁਮਾਰ ਵਰਮਾ
ਧੂਰੀ, 31 ਅਗਸਤ
ਧੂਰੀ ਦੇ ਵਸਨੀਕ ਅਤੇ ਪੰਜਾਬ ਦੇ ਜੇਲ੍ਹ ਵਿਭਾਗ ਵਿੱਚ ਵਾਰਡਰ ਦੇ ਤੌਰ ’ਤੇ ਸੰਗਰੂਰ ਜੇਲ੍ਹ ਵਿੱਚ ਨੌਕਰੀ ਕਰਦੇ ਪਰਬਤਾਰੋਹੀ ਗੁਰਪ੍ਰੀਤ ਸਿੰਘ ਬਾਠ ਨੇ ਹਿਮਾਚਲ ਪ੍ਰਦੇਸ਼ ਦੀ ਚੋਟੀ ਮਾਊਂਟ ਕਨਾਮੋ ਪੀਕ ਸਰ ਕੀਤੀ ਹੈ। ਇਸ ਚੋਟੀ ਦੀ ਉਚਾਈ 19553 ਫੁੱਟ ਹੈ।
ਗੁਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਇਕੱਠੇ ਹੋਏ ਪਰਬਤਾਰੋਹੀਆਂ ਦੀ ਗਿਆਰਾਂ ਮੈਂਬਰੀ ਸਮੁੱਚੀ ਟੀਮ ਨੇ ਇਸ ਚੋਟੀ ਨੂੰ ਸਰ ਕੀਤਾ ਹੈ ਅਤੇ ਸੌ ਮੀਟਰ ਦਾ ਝੰਡਾ ਚੋਟੀ ਦੇ ਸ਼ਿਖਰ ’ਤੇ ਖੋਲ੍ਹ ਕੇ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ ਹੈ। ਇਸ ਟੀਮ ਦੀ ਅਗਵਾਈ ਗੁਰਪ੍ਰੀਤ ਸਿੰਘ ਸਿੱਧੂ ਫ਼ਰੀਦਕੋਟ ਤੇ ਪੰਕਜ ਮਹਿਤਾ ਨੇ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਬਾਠ ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ‘ਪਰਿਵਰਤਨ’ ਨਾਲ ਜੁੜ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸੇਵਾਵਾਂ ਨਿਭਾਅ ਰਿਹਾ ਹੈ। ਇਹ ਚੋਟੀ ਸਰ ਕਰਨ ’ਤੇ ਗੁਰਪ੍ਰੀਤ ਸਿੰਘ ਬਾਠ ਨੇ ਉਚੇਚੇ ਤੌਰ ’ਤੇ ਪੰਜਾਬ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਉਸ ਦਾ ਮੁੱਖ ਟੀਚਾ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨ ਦਾ ਹੈ।