ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 2 ਅਕਤੂਬਰ
ਇੱਥੋਂ ਦੇ ਪਿੰਡ ਹਥੋਆ ਦੇ ਨੌਜਵਾਨ ਗੁਰਸਿਮਰਨ ਸਿੰਘ ਨੇ ਖੇਤੀਬਾੜੀ ਦੇ ਖੇਤਰ ਵਿੱਚ ਨਵੀਆਂ ਦਿਸ਼ਾਵਾਂ ਨੂੰ ਪਾਰ ਕਰਦੇ ਹੋਏ 20 ਤਰ੍ਹਾਂ ਦੇ ਵਿਦੇਸ਼ੀ ਫਲਾਂ ਦੀ ਸਫਲ ਪੈਦਾਵਾਰ ਕੀਤੀ ਹੈ। ਇਹ ਸਭ ਫ਼ਲ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਉਗਾਏ ਜਾ ਰਹੇ ਹਨ। ਗੁਰਸਿਮਰਨ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵੀ ਇੱਕ ਏਕੜ ’ਚ ਫਲਾਂ ਦੀ ਨਰਸਰੀ ਦੇ ਨਾਲ ਨਾਲ ਵਿਰਾਸਤੀ ਰੁੱਖਾਂ ਦੀ ਨਰਸਰੀ ਚਲਾ ਰਹੀ ਹੈ। ਗੁਰਸਿਮਰਨ ਸਿੰਘ ਨੇ ਦੱਸਿਆ ਕਿ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਟਿਸ਼ੂ ਕਲਚਰ ਵਿੱਚ ਡਿਪਲੋਮਾ ਕਰਨ ਉਪਰੰਤ ਖੇਤੀ ਵਿੱਚ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਸੋਚ ਬਣਾਈ। 4 ਏਕੜ ਜ਼ਮੀਨ ਵਿੱਚ ਰਵਾਇਤੀ ਫ਼ਸਲਾਂ ਦੇ ਨਾਲ-ਨਾਲ 20 ਤੋਂ ਵੱਧ ਵਿਦੇਸ਼ੀ ਫ਼ਲਾਂ ਦੀ ਪੈਦਾਵਾਰ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਵਾਕੈਡੋ, ਜੈਤੂਨ, ਅੰਜੀਰ, ਚੀਨੀ ਲੋਗਨ ਫ਼ਲ ਅਤੇ ਕਈ ਕਿਸਮਾਂ ਦੇ ਅੰਬਾਂ ਦੀ ਕਾਸ਼ਤ ਕੀਤੀ ਹੈ ਅਤੇ ਪੰਜਾਬ ਵਿੱਚ ਪਹਿਲੀ ਵਾਰ ਜੈ-ਫ਼ਲ ਦਾ ਬੀਜ ਵੀ ਬੀਜਿਆ ਹੈ। ਉਸ ਦਾ ਕਹਿਣਾ ਹੈ ਕਿ ਹੁਣ ਉਸ ਨੇ ਫਲਾਂ ਦੀ ਕਾਸ਼ਤ ਵਪਾਰਕ ਪੱਧਰ ’ਤੇ ਕਰਨੀ ਸ਼ੁਰੂ ਕੀਤੀ ਹੈ।