ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਅਕਤੂਬਰ
ਸਥਾਨਕ ਪੁਲੀਸ ਨੇ ਮੋਬਾਈਲ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਅੰਤਰਰਾਜੀ ਚੋਰ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਦੇਸੀ ਪਿਸਤੌਲ 315 ਬੋਰ ਸਣੇ 3 ਰੌਂਦ, ਦੇਸੀ ਪਿਸਤੌਲ 315 ਬੋਰ ਲੰਬੀ ਬੈਰਲ ਸਣੇ 3 ਰੌਂਦ, ਸਕਾਰਪੀਓ ਅਤੇ ਸਵਿਫ਼ਟ ਡਿਜਾਇਰ ਗੱਡੀਆਂ ਬਿਨਾਂ ਕਾਗਜ਼ਾਤ ਅਤੇ ਚੋਰੀਸ਼ੁਦਾ ਨੋਕੀਆ ਕੰਪਨੀ ਦੇ 24 ਆਰਆਰਯੂ (4-ਜੀ) ਅਤੇ 87+64 ਕਿਲੋ ਆਪਟੀਕਲ ਫਾਈਬਰ ਤਾਰ ਬਰਾਮਦ ਕੀਤੀ। ਪੁਲੀਸ ਦਾ ਦਾਅਵਾ ਹੈ ਕਿ ਇਹ 34 ਤੋਂ ਵੱਧ ਚੋਰੀਆਂ ’ਚ ਸ਼ਾਮਲ ਹਨ।
ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗਰੋਹ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਪਟਿਆਲਾ, ਮਾਨਸਾ ਵਿੱਚ ਮੋਬਾਈਲ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧੀ ਐੱਸਪੀ (ਡੀ) ਪਲਵਿੰੰਦਰ ਸਿੰਘ ਚੀਮਾ, ਡੀਐੱਸਪੀ ਦਲਜੀਤ ਸਿੰਘ ਵਿਰਕ ਅਤੇ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀਆਈਏ ਸੰਗਰੂਰ ਦੀ ਟੀਮ ਨੇ ਇਨ੍ਹਾਂ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤ ।ਪੁੱਛਗਿੱਛ ਤੋ ਬਾਅਦ ਇਸ ਮੁਕੱਦਮੇ ਵਿੱਚ ਵੀਰਪਾਲ ਸਿੰਘ ਉਰਫ ਵੀਰੂ ਉਰਫ ਵੀਰੂ ਮੈਂਬਰ ਵਾਸੀ ਮਾਡਲ ਟਾਊਨ 01 ਸ਼ੇਰੋਂ ਨੂੰ ਵੀ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਰੋਹ ਦੇ ਗ੍ਰਿਫ਼ਤਾਰ ਮੈਂਬਰਾਂ ਵਿਚ ਲਵਪ੍ਰੀਤ ਸਿੰਘ ਉਰਫ ਆਂਡਾ, ਜਸ਼ਨਦੀਪ ਸਿੰਘ ਉਰਫ ਦੀਪੂ, ਵਿੱਕੀ ਸਿੰਘ, ਗੁਰਸੇਵਕ ਸਿੰਘ ਉਰਫ ਪੀਟਰ, ਬਲਕਾਰ ਸਿੰਘ ਉਰਫ ਜਾਮਾ, ਵੀਰਪਾਲ ਸਿੰਘ ਉਰਫ ਵੀਰੂ ਉਰਫ ਵੀਰੂ ਮੈਂਬਰ ਵਾਸੀ ਸ਼ੇਰੋਂ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਸੁਨਾਮ ਵਿੱਚ ਕੇਸ ਦਰਜ ਕਰ ਲਿਆ ਹੈ।