ਸੰਗਰੂਰ (ਨਿੱਜੀ ਪੱਤਰ ਪ੍ਰੇਰਕ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਚੌਥੀ ਵਾਰ ਹੋਈ ਜਿੱਤ ਦੀ ਖੁਸ਼ੀ ਵਿੱਚ ਜ਼ਿਲ੍ਹਾ ਅਕਾਲੀ ਲੀਡਰਸਿਪ ਵੱਲੋਂ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਲੱਡੂ ਵੰਡੇ ਗਏ ਅਤੇ ਗੁਰੂ ਘਰ ਅਰਦਾਸ ਕਰਵਾ ਕੇ ਰੱਬ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਵਿਰੋਧੀਆਂ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ ਹੈ। ਇਸ ਲਈ ਉਨ੍ਹਾਂ ਨੂੰ ਵਾਰ ਵਾਰ ਭਾਜਪਾ, ਆਰਐੱਸਐੱਸ ਅਤੇ ਕਾਂਗਰਸ, ‘ਆਪ’ ਦੇ ਹੱਥਕੰਡੇ ਬਣ ਕੇ ਚੋਣਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪ੍ਰਧਾਨਗੀ ਲਈ ਮੈਂਬਰਾਂ ਦੀ ਖਰੀਦੋ ਫਰੋਖ਼ਤ ਹੋਈ ਅਤੇ ਸੁਧਾਰ ਲਹਿਰ ਦੇ ਨਾਂ ’ਤੇ ਪੰਥ ਨੂੰ ਗੁੰਮਰਾਹ ਕਰਨ ਦੀਆਂ ਬੇਹੱਦ ਕੋਸ਼ਿਸ਼ਾਂ ਕੀਤੀਆਂ ਪਰ ਸਿੱਖ ਸੰਗਤ ਅਤੇ ਸਿੱਖ ਪੰਥ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਆਪਣਾ ਵਿਸ਼ਵਾਸ ਪ੍ਰਗਟਾਇਆ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਮੈਂਬਰਾਂ ਨੰੰ ਡਰਾਇਆ ਧਮਕਾਇਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਅੱਜ ਦੀ ਜਿੱਤ ਨੇ ਉਨ੍ਹਾਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਇਕਬਾਲਜੀਤ ਸਿੰਘ ਪੂਨੀਆ, ਇਸਤਰੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ ਵਿਰਕ, ਜਤਿੰਦਰ ਸਿੰਘ ਵਿੱਕੀ ਕੋਚ, ਪ੍ਰਿੰਸੀਪਲ ਨਰੇਸ਼ ਕੁਮਾਰ, ਜੋਗਾ ਸਿੰਘ ਫੱਗੂਵਾਲਾ, ਹਰਜਿੰਦਰ ਜਲਾਣ, ਰਿੰਕੂ ਟਿਵਾਣਾ ਰਾਮਪੁਰਾ, ਜਗਜੀਤ ਸਿੰਘ ਜੱਗੀ, ਮਨਜੀਤ ਸਿੰਘ ਨਾਗਰਾ, ਸੁਖਚੈਨ ਸਿੰਘ ਸਾਰੋ, ਵਰਿਆਮ ਸਿੰਘ ਥਲੇਸ, ਜੀਵਨ ਸਿੰਘ ਘਰਾਚੋਂ, ਬਲਰਾਜ ਸਿੰਘ ਸੈਕਟਰੀ ਫਤਿਹਗੜ੍ਹ ਭਾਦਸੋਂ, ਜਗਦੇਵ ਸਿੰਘ ਪੰਨਵਾ, ਇੰਦਰਜੀਤ ਸਿੰਘ ਬੰਟੀ, ਸੁਖਵਿੰਦਰ ਸਿੰਘ, ਪਰਗਟ ਸਿੰਘ ਬਲਿਆਲ, ਜਗਦੇਵ ਸਿੰਘ ਖੰਡੇਬਾਦ, ਸੁੰਦਰ ਕ੍ਰਿਸ਼ਨ, ਸਵਰਨ ਸਿੰਘ ਆਦਿ ਅਕਾਲੀ ਆਗੂ ਪਹੁੰਚੇ ਸਨ।