ਮੇਜਰ ਸਿੰਘ ਮਟਰਾਂ
ਭਵਾਨੀਗੜ੍ਹ, 5 ਅਕਤੂਬਰ
ਇਥੇ ਨੇੜਲੇ ਪਿੰਡ ਕਾਕੜਾ ਦਾ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਬੀਜ ਕੇ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਇਹ ਕਿਸਾਨ 25 ਏਕੜ ਖ਼ੁਦ ਆਪਣੀ ਜ਼ਮੀਨ ਅਤੇ 25 ਏਕੜ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ। ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੈ। ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸਰਕਾਰ ਵੱਲੋਂ ਚਲਾਈ ਕਰੋਪ ਸਕੀਮ ਤਹਿਤ 50 ਫ਼ੀਸਦੀ ਸਬਸਿਡੀ ’ਤੇ ਹੈਪੀਸੀਡਰ ਲਿਆ ਸੀ। ਉਸ ਨੇ ਕਿਹਾ ਕਿ ਪਰਾਲੀ ਫੂਕਣ ਨਾਲ ਜਿੱਥੇ ਮਿੱਟੀ ਵਿਚਲੇ ਕੀੜੇ ਮਾਰੇ ਜਾਂਦੇ ਹਨ, ਊੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਮਜ਼ੋਰ ਹੋਣ ਲਗਦੀ ਹੈ ਤੇ ਸਾਡੀਆਂ ਫ਼ਸਲਾਂ ਦਾ ਝਾੜ ਘੱਟਣ ਲੱਗਦਾ ਹੈ। ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੇ ਨਾਲ-ਨਾਲ ਉਹ ਪਸ਼ੂ ਪਾਲਣ ਦੇ ਧੰਦੇ ਨਾਲ ਵੀ ਜੁੜਿਆ ਹੋਇਆ ਹੈ। ਇਸ ਸਮੇਂ ਉਸ ਕੋਲ ਦਸ ਗਾਵਾਂ, ਤਿੰਨ ਮੱਝਾਂ ਹਨ ਅਤੇ ਉਸ ਵੱਲੋਂ ਦੁੱਧ ਦਾ ਸਵਾਏ ਮੰਡੀਕਰਨ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਕਿਸਾਨ ਵੱਲੋਂ ਆਪਣੇ ਘਰੇਲੂ ਇਸਤੇਮਾਲ ਲਈ ਜੈਵਿਕ ਸਬਜ਼ੀਆਂ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ।
ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਅਤੇ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਭਵਾਨੀਗੜ੍ਹ ਨੇ ਕਿਸਾਨਾਂ ਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਅਤੇ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ।