ਨਿਜੀ ਪੱਤਰ ਪ੍ਰੇਰਕ
ਸੰਗਰੂਰ, 23 ਫਰਵਰੀ
ਸਿਹਤ ਵਿਭਾਗ ਦੀ ਟੀਮ ਵੱਲੋਂ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਦੀਆਂ ਦੁਕਾਨਾਂ ਉਪਰ ਛਾਪੇਮਾਰੀ ਕੀਤੀ ਗਈ ਅਤੇ ਵੱਖ-ਵੱਖ ਅੱਠ ਵਸਤੂਆਂ ਦੇ ਸੈਂਪਲ ਭਰੇ ਗਏ। ਸਿਹਤ ਵਿਭਾਗ ਵਲੋਂ ਸਹਾਇਕ ਖੁਰਾਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਖੁਰਾਕ ਸੁਰੱਖਿਆ ਅਫ਼ਸਰ ਸੰਦੀਪ ਸੰਧੂ ਦੀ ਟੀਮ ਵਲੋਂ ਸ਼ਹਿਰ ’ਚ ਲੋਕਾਂ ਨੂੰ ਖਾਣ-ਪੀਣ ਦੀਆਂ ਸ਼ੁੱਧ ਚੀਜ਼ਾਂ ਮੁਹੱਈਆ ਕਰਾਉਣ ਦੇ ਮੰਤਵ ਨਾਲ ਵੱਖ-ਵੱਖ ਦੁਕਾਨਾਂ ’ਤੇ ਛਾਪੇ ਮਾਰੇ। ਇਸ ਦੌਰਾਨ ਵੱਖ-ਵੱਖ ਵਸਤਾਂ ਦੇ ਅੱਠ ਸੈਂਪਲ ਭਰੇ ਗਏ ਹਨ ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਖੁਰਾਕ ਸੁਰੱਖਿਆ ਅਫ਼ਸਰ ਸੰਦੀਪ ਸੰਧੂ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਮੇਂ ਸਮੇਂ ਵਿਭਾਗ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕਰਕੇ ਸੈਂਪਲ ਭਰੇ ਜਾਂਦੇ ਹਨ। ਅੱਜ ਟੀਮ ਵਲੋਂ ਸ਼ਹਿਰ ਦੇ ਛੋਟਾ ਚੌਂਕ ਵਿਚ ਕਰਿਆਨੇ ਦੀ ਦੁਕਾਨ ਤੋਂ ਬੇਸਣ, ਮਸਾਲਾ, ਪਟਿਆਲਾ ਗੇਟ ਬਾਜ਼ਾਰ ’ਚੋਂ ਪਾਓਭਾਜੀ, ਟੈਲੀਫੋਨ ਐਕਸਚੇਂਜ ਰੋਡ ਤੇ ਸੋਹੀਆਂ ਰੋਡ ਸਥਿਤ ਦੁਕਾਨਾਂ ਤੋਂ ਦੁੱਧ ਤੇ ਸੁਨਾਮੀ ਗੇਟ ਬਾਜ਼ਾਰ ਤੋਂ ਬੇਸਣ ਦੇ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਸੈਂਪਲਾਂ ਨੂੰ ਜਾਂਚ ਲਈ ਲੈਬ ਵਿਚ ਭੇਜ ਦਿੱਤਾ ਗਿਆ ਹੈ ਜਿਸਦੀ ਰਿਪੋਰਟ 15 ਦਿਨਾਂ ’ਚ ਮਿਲ ਜਾਵੇਗੀ। ਰਿਪੋਰਟ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।