ਖੇਤਰੀ ਪ੍ਰਤੀਨਿਧ
ਧੂਰੀ, 23 ਅਗਸਤ
ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਸ਼ੁਰੂ ਕੀਤੀ ਗਈ ‘ਮੇਰਾ ਹਲਕਾ, ਮੇਰਾ ਪਰਿਵਾਰ’ ਮੁਹਿੰਮ ਤਹਿਤ ਵਿਧਾਇਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨੀ ਤੂਰ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਉਨ੍ਹਾਂ ਮੁਸ਼ਕਿਲਾਂ ਦਾ ਫੌਰੀ ਹੱਲ ਕਰਨ ਲਈ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ। ਇਸ ਸਬੰਧੀ ਹਨੀ ਤੂਰ ਨੇ ਕਿਹਾ ਕਿ ਕੋਵਿਡ-19 ਦੀ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਉਨ੍ਹਾਂ ਕਿਹਾ ਵਿਧਾਇਕ ਗੋਲਡੀ ਵੱਲੋਂ ਸ਼ੁਰੂ ਕੀਤੀ ਗਈ ‘ਮੇਰਾ ਹਲਕਾ, ਮੇਰਾ ਪਰਿਵਾਰ’ ਮੁਹਿੰਮ ਤਹਿਤ ਕਈ ਵਾਰਡਾਂ ਅੰਦਰ ਪਾਣੀ ਦੀ ਨਿਕਾਸੀ, ਕੁਝ ਰਹਿੰਦੀਆਂ ਗਲੀਆਂ-ਨਾਲੀਆਂ ਨੂੰ ਪੱਕਾ ਕਰਨ, ਸਫ਼ਾਈ ਪ੍ਰਬੰਧਾਂ ਵਰਗੀਆਂ ਮੁਸ਼ਕਿਲਾਂ ਦਾ ਪੱਕਾ ਹੱਲ ਕੀਤਾ ਗਿਆ ਹੈ। ਇਸੇ ਮੁਹਿੰਮ ਤਹਿਤ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਗਰਗ ਵੱਲੋਂ ਵੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ।