ਹਰਦੀਪ ਸਿੰਘ ਸੋਢੀ
ਧੂਰੀ, 1 ਅਗਸਤ
ਨਗਰ ਕੌਂਸਲ ਦੀ ਮਹੀਨੇਵਾਰ ਮੀਟਿੰਗ ਪਿਛਲੀ ਮੀਟਿੰਗ ਵਾਂਗ ਹੰਗਾਮਿਆਂ ਭਰਪੂਰ ਰਹੀ ਅਤੇ ਮੀਟਿੰਗ ਵਿੱਚ ਬਹੁ-ਗਿਣਤੀ ਕੌਂਸਲਰਾਂ ਦੇ ਵਿਰੋਧ ਕਾਰਨ ਕੋਈ ਵੀ ਮਤਾ ਪਾਸ ਨਾ ਹੋ ਸਕਿਆ। ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਪੁਸ਼ਪਾ ਰਾਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰਧਾਨ ਸਮੇਤ ਕਰੀਬ ਡੇਢ ਦਰਜਨ ਕੌਂਸਲਰਾਂ ਨੇ ਭਾਗ ਲਿਆ ਜਦਕਿ ਕਾਰਜਸਾਧਕ ਅਫ਼ਸਰ ਅਸ਼ਵਨੀ ਕੁਮਾਰ ਵੀ ਮੀਟਿੰਗ ’ਚ ਹਾਜ਼ਰ ਸਨ। ਮੀਟਿੰਗ ਉਪਰੰਤ ਕੌਂਸਲਰਾਂ ਅਜੇ ਪਰੋਚਾ, ਅਸ਼ਵਨੀ ਮਿੱਠੂ ਤੇ ਨਰਪਿੰਦਰ ਗੋਰਾ ਸਮੇਤ ਕਰੀਬ ਇੱਕ ਦਰਜਨ ਕੌਂਸਲਰਾਂ ਨੇ ਵਿਕਾਸ ਕਾਰਜਾਂ ’ਚ ਉਨ੍ਹਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੀਟਿੰਗ ਦੇ ਏਜੰਡੇ ’ਚ ਕਈ ਅਜਿਹੇ ਕੰਮ ਵੀ ਲਿਆਂਦੇ ਗਏ ਹਨ, ਜਿਨ੍ਹਾਂ ਦਾ ਉਨ੍ਹਾਂ ਦੇ ਕਾਰਜਕਾਲ ਨਾਲ ਕੋਈ ਸਬੰਧ ਨਹੀਂ ਹੈ। ਕੌਂਸਲਰਾਂ ਨੇ ਕਾਰਜਸਾਧਕ ਅਫ਼ਸਰ ’ਤੇ ਆਪਣਾ ਸਟੇਸ਼ਨ ਛੱਡਕੇ ਜਾਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਨਵੇਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਮਹਾਂਵੀਰ ਫ਼ੌਜੀ, ਅਨੂਧੀਰ, ਕੁਸ਼ੱਲਿਆ ਦੇਵੀ, ਸੁਖਵਿੰਦਰ ਕੌਰ, ਸੋਨੀਆ ਪਰੋਚਾ, ਸਰੋਜ ਰਾਣੀ, ਭੁਪਿੰਦਰ ਸਿੰਘ ਤੇ ਹਰੀ ਕਿਸ਼ਨ ਮਣੀ ਵੀ ਮੌਜੂਦ ਸਨ।
ਕਾਰਜਸਾਧਕ ਅਫ਼ਸਰ ਨੇ ਦੋਸ਼ ਮੁੱਢੋਂ ਨਕਾਰੇ
ਕਾਰਜਸਾਧਕ ਅਫ਼ਸਰ ਅਸ਼ਵਨੀ ਕੁਮਾਰ ਨੇ ਮਤਿਆਂ ਦਾ ਵਿਰੋਧ ਕਰਨ ਵਾਲੇ ਕੌਂਸਲਰਾਂ ਵੱਲੋਂ ਲਾਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਮੀਟਿੰਗ ’ਚ ਜਿੱਥੇ ਲੋਕ ਹਿੱਤੂ ਕਾਰਜਾਂ ਨੂੰ ਸ਼ੁਰੂ ਕਰਨ ਬਾਰੇ ਏਜੰਡਾ ਪਾਸ ਕਰਵਾਇਆ ਜਾਣਾ ਸੀ, ਉੱਥੇ ਨਗਰ ਕੌਂਸਲ ਦੀ ਆਮਦਨ ਵਧਾਉਣ ਲਈ ਵਸੀਲਿਆਂ ਦੀ ਤਜਵੀਜ਼ ਅਤੇ ਸ਼ਹਿਰ ’ਚ ਫਿਰਦੇ ਬੇਸਹਾਰਾ ਪਸ਼ੂਆਂ ਨੂੰ ਫੜਕੇ ਘਰਾਚੋਂ ਵਾਲੀ ਸਰਕਾਰੀ ਗਊਸ਼ਾਲਾ ’ਚ ਭੇਜਣ ਲਈ ਗਊ ਸੈੱਸ ਵਾਲੀ ਰਕਮ ਦੀ ਵਰਤੋਂ ਕਰਨ ਵਰਗੇ ਮਤੇ ਰੱਖੇ ਗਏ ਸਨ ਪਰ ਮੀਟਿੰਗ ਦੌਰਾਨ ਜਿੱਥੇ ਅੱਧੀ ਦਰਜਨ ਦੇ ਕਰੀਬ ਕੌਂਸਲਰਾਂ ਨੇ ਮਤਿਆਂ ਨੂੰ ਸ਼ਹਿਰ ਤੇ ਲੋਕ ਹਿੱਤ ’ਚ ਦੱਸਦਿਆਂ ਸਮਰਥਨ ਕੀਤ, ਉੱਥੇ ਹਾਜ਼ਰ ਕੌਂਸਲਰਾਂ ’ਚੋਂ ਕਰੀਬ ਇੱਕ ਦਰਜਨ ਕੌਂਸਲਰਾਂ ਵੱਲੋਂ ਮਤਿਆਂ ਦਾ ਵਿਰੋਧ ਕੀਤੇ ਜਾਣ ਕਾਰਨ ਮੀਟਿੰਗ ’ਚ ਰੱਖੇ ਮਤਿਆਂ ’ਚੋਂ ਕੋਈ ਵੀ ਮਤਾ ਪਾਸ ਨਹੀਂ ਹੋ ਸਕਿਆ।