ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 12 ਦਸੰਬਰ
ਮਲਵਈ ਲੋਕਧਾਰਾ ਐਸੋਸੀਏਸ਼ਨ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਵਾਇਆ ਵਿਰਾਸਤੀ ਲੋਕ ਮੇਲਾ ਸਮਾਪਤ ਹੋ ਗਿਆ। ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਸਾਰੀਆਂ ਚੰਗੀਆਂ ਹਨ ਪਰ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨੂੰ ਛੱਡ ਕੇ ਦੂਸਰੀਆਂ ਬੋਲੀਆਂ ਨੂੰ ਪਹਿਲ ਦੇਣ ਦੀ ਆਦਤ ਬਦਲਣੀ ਪਵੇਗੀ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬੀਬਾ ਗਗਨਜੀਤ ਕੌਰ ਢੀਂਡਸਾ ਨੇ ਅਜਿਹੇ ਮੇਲਿਆਂ ਦੀ ਸਾਰਥਿਕਤਾ ਪ੍ਰਤੀ ਸਾਰੇ ਪੰਜਾਬੀਆਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਕਿ ਅਜਿਹੇ ਸਮਾਗਮ ਹਰ ਵਿਦਿਅਕ ਸੰਸਥਾਵਾਂ ਵਿੱਚ ਕਰਵਾਉਣੇ ਚਾਹੀਦੇ ਹਨ। ਸਮਾਗਮ ਦਾ ਉਦਘਾਟਨ ਧਾਰਮਿਕ ਸ਼ਖ਼ਸੀਅਤ ਮਹੰਤ ਹਰਪਾਲ ਦਾਸ ਮਾਲੇਰਕੋਟਲਾ ਨੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ‘ਆਪ’ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ ਅਤੇ ਸੰਗਰੂਰ ਦੇ ਨਾਮਵਰ ਸਮਾਜ ਸੇਵਿਕਾ ਪ੍ਰੀਤੀ ਮਹੰਤ ਸ਼ਾਮਲ ਹੋਏ। ਨਾਮਵਰ ਕਲਾਕਾਰ ਸੁੱਖੀ ਬਰਾੜ, ਹਰਜੀਤ ਹਰਮਨ, ਬਾਬਾ ਬੇਲੀ, ਸਟਾਲਨਵੀਰ ਸਿੰਘ ਨੇ ਮੰਚ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਕੁਆਰਡੀਨੇਟਰ ਡਾ. ਸੁਖਦੀਪ ਕੌਰ ਅਤੇ ਪਰਮਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਵੱਖ ਵੱਖ ਸੇਵਾਵਾਂ ਨਿਭਾਉਣ ਲਈ ਬਲਵੀਰ ਕੌਰ ਰਾਏਕੋਟੀ, ਬਲਜਿੰਦਰ ਕੌਰ ਕਲਸੀ, ਸੁਰਜੀਤ ਸਿੰਘ ਚੇਲਾ ਭਾਈਰੂਪਾ, ਸੋਨਦੀਪ ਕੌਰ ਬਰਾੜ, ਪ੍ਰੀਤ ਹੀਰ ਤੇ ਦਲਵੀਰ ਕੌਰ ਯੂ.ਕੇ. ਨੂੰ ਸਨਮਾਨਤ ਕੀਤਾ ਗਿਆ।