ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ
‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਛੇਵੇਂ ਦਿਨ ਅੱਜ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ ਵਿੱਚ ਕਰਵਾਏ ਜਾ ਰਹੇ ਵੇਟ ਲਿਫਟਿੰਗ ਦੇ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਲਗਪਗ 2,150 ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਹੈ। ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਵੇਟ ਲਿਫਟਿੰਗ ਦੇ ਫਾਈਨਲ ਮੁਕਾਬਲਿਆਂ ਵਿੱਚ ਅੰਡਰ 21 (ਲੜਕੇ) ਭਾਰ ਵਰਗ 73 ਕਿਲੋ ਵਿੱਚ ਅਮਨਿੰਦਰਪਾਲ, ਯੁਵਰਾਜ ਸਿੰਘ ਤੇ ਗੁੁਰਲਾਲ ਚੌਹਾਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21-40 (ਲੜਕੇ) ਭਾਰ ਵਰਗ 73 ਕਿਲੋ ਵਿੱਚ ਗੰਗਾ ਸਿੰਘ, ਸੁਮਿੱਤਰ ਸਿੰਘ ਤੇ ਸੁਖਵੰਤ ਸਿਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ।
ਅਮਰਗੜ੍ਹ (ਪੱਤਰ ਪ੍ਰੇਰਕ): ਪਾਇਨੀਅਰ ਸਕੂਲ ਗੱਜਣਮਾਜਰਾ ਦੇ ਖਿਡਾਰੀਆਂ ਨੇ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਸੂਬਾ ਪੱਧਰੀ ਮੁਕਾਬਲਿਆਂ ਵਿੱਚ 3 ਸੋਨੇ ਤੇ 6 ਕਾਂਸੀ ਦੇ ਤਗ਼ਮੇ ਜਿੱਤ ਕੇ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਵਿੱਚ ਖੁਸ਼ਬੀਰ ਕੌਰ, ਗੁਰਵਿੰਦਰ ਕੌਰ, ਏਕਮਵੀਰ ਸਿੰਘ, ਨਪਿੰਦਰ ਸਿੰਘ ਨਿਮਾਣਾ ਤੇ ਜਗਵਿੰਦਰ ਸਿੰਘ ਆਦਿ ਸ਼ਾਮਲ ਸਨ।
ਮੂਨਕ (ਪੱਤਰ ਪ੍ਰੇਰਕ); ਇੱਥੋਂ ਦੇ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲਰਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਤਹਿਤ ਸੂਬਾ ਪੱਧਰੀ ਅੰਡਰ 14 ਸਾਲ ਸਰਕਲ ਕਬੱਡੀ ਮੁਕਾਬਲੇ ਵਿੱਚ ਜ਼ਿਲ੍ਹਾ ਸੰਗਰੂਰ ਵੱਲੋਂ ਤਿੰਨ ਵਿਦਿਆਰਥੀਆਂ ਗਗਨਦੀਪ ਸਿੰਘ, ਸੁਲਤਾਨ ਸਿੰਘ ਤੇ ਦਿਲਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸਕੂਲ ਪਹੁੰਚਣ ’ਤੇ ਸਕੂਲ ਮੁਖੀ ਸੰਦੀਪ ਸਿੰਘ ਤੇ ਸਮੂਹ ਸਟਾਫ਼ ਡੀ.ਪੀ.ਈ.ਗੁਰਦਾਸ ਸਿੰਘ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਸਨਮਾਨਿਤ ਕੀਤਾ।