ਖੇਤਰੀ ਪ੍ਰਤੀਨਿਧ
ਸੰਗਰੂਰ, 28 ਜੂਨ
ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਸੰਗਰੂਰ ਵਿੱਚ ਡਾਇਰੈਕਟਰ (ਭਾਸ਼ਾ ਵਿਭਾਗ ਪੰਜਾਬ) ਜਸਵੰਤ ਸਿੰਘ ਜ਼ਫ਼ਰ ਦੀ ਨਿਰਦੇਸ਼ਨਾਂ ਹੇਠ ਪੰਜਾਬੀ ਸ਼ਾਇਰ ਰਣਧੀਰ ਦੀ ਕਾਵਿ-ਪੁਸਤਕ ‘ਖ਼ਤ ਜੋ ਲਿਖਣੋ ਰਹਿ ਗਏ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ’ਚ ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਗਰੂਰ ਡਾ. ਰਣਜੋਧ ਸਿੰਘ ਨੇ ਜੀ ਆਇਆਂ ਆਖਦਿਆਂ ਸ਼ਾਇਰ ਰਣਧੀਰ ਨੂੰ ਇਹ ਮਾਣਮੱਤਾ ਐਵਾਰਡ ਮਿਲਣ ’ਤੇ ਵਧਾਈ ਦਿਤੀ। ਡਾ. ਇਕਬਾਲ ਸਿੰਘ ਸਕਰੌਦੀ ਨੇ ਪੁਸਤਕ ’ਤੇ ਪੇਪਰ ਪੇਸ਼ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਸੁਖਵਿੰਦਰ ਸਿੰਘ ਪਰਮਾਰ (ਡਾ.) ਨੇ ਸ਼ਿਰਕਤ ਕੀਤੀ। ਮੂਲ ਚੰਦ ਸ਼ਰਮਾ ਪ੍ਰਧਾਨ, ਪੰਜਾਬੀ ਸਾਹਿਤ ਸਭਾ ਧੂਰੀ ਨੇ ਨਰੋਆ ਸਾਹਿਤ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ। ਕਰਮ ਸਿੰਘ ਜਖਮੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਖ਼ਤ ਜੋ ਲਿਖਣੋ ਰਹਿ ਗਏ ਪੁਸਤਕ ਦੀ ਐਵਾਰਡ ਲਈ ਸਹੀ ਚੋਣ ਹੋਈ ਹੈ। ਮੰਚ ਸੰਚਾਲਨ ਹਾਕਮ ਸਿੰਘ ਨੇ ਕੀਤਾ।