ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੰਘੇ ਦਿਨੀਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਦੇ ਸਨਮਾਨ ਵਿੱਚ ਪ੍ਰੇਮ ਸਭਾ ਹਾਈ ਸਕੂਲ ਸੰਗਰੂਰ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਐਡਵੋਕੇਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਮੈਨੇਜਮੈਂਟ ਦੇ ਮੈਨੇਜਰ ਬਾਬੂ ਪੂਰਨ ਚੰਦ ਜਿੰਦਲ ਨੇ ਕੀਤੀ।
ਇਸ ਮੌਕੇ ਸਕੂਲ ਪ੍ਰਿੰਸੀਪਲ ਮਧੂ ਬਾਲਾ ਨੇ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਜਮਾਤ ਦੇ ਕੁੱਲ 42 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ 26 ਵਿਦਿਆਰਥੀਆਂ ਨੇ 60% ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਅਤੇ 16 ਵਿਦਿਆਰਥੀਆਂ ਨੇ 80-90% ਨੰਬਰ ਪ੍ਰਾਪਤ ਕਰ ਕੇ ਪ੍ਰੀਖਿਆ ਪਾਸ ਕੀਤੀ। ਮੰਚ ਸੰਚਾਲਨ ਅਵਤਾਰ ਸਿੰਘ ਡੀਪੀਈ ਨੇ ਕੀਤਾ। ਇਸ ਮੌਕੇ ਰਾਖੀ, ਜਸਕਰਨ, ਅਮਨ ਅਲੀ ਰਾਹੁਲ, ਹਿਤੇਨ, ਮਾਨਵ, ਸਿਮਰਨ, ਹਰਸ਼ਵਰਧਨ ਤੇ ਸੰਦੀਪ ਦਾ ਸਨਮਾਨ ਕੀਤਾ ਗਿਆ।