ਪੱਤਰ ਪ੍ਰੇਰਕ
ਲਹਿਰਾਗਾਗਾ, 18 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪਿੰਡ ਲਹਿਲ ਕਲਾਂ ਵਾਸੀਆਂ ਨੇ ਸਰਕਾਰੀ ਮਾਡਲ (ਆਦਰਸ਼) ਸੀਨੀਅਰ ਸੈਕੰਡਰੀ ਸਕੂਲ ਨੂੰ ਮੁੜ ਅੰਗਰੇਜ਼ੀ ਮੀਡੀਅਮ ਵਿੱਚ ਤਬਦੀਲ ਕਰਨ ਲਈ ਪੰਜਾਬ ਦੇ ਸਿੱਖਿਆ ਵਿਭਾਗ ਦੇ ਨਾਂ ਮੰਗ ਪੱਤਰ ਵਿਧਾਇਕ ਬਰਿੰਦਰ ਗੋਇਲ ਨੂੰ ਦਿੱਤਾ। ਮੰਗ ਕੀਤੀ ਕਿ ਸਕੂਲ ਨੂੰ ਦੁਬਾਰਾ ਅੰਗਰੇਜ਼ੀ ਮੀਡੀਅਮ ਵਿੱਚ ਤਬਦੀਲ ਕਰਕੇ ਪਹਿਲੀ ਕਲਾਸ ਤੋਂ ਕਲਾਸਾਂ ਸ਼ੁਰੂ ਕੀਤੀਆਂ ਜਾਣ। ਜਥੇਬੰਦੀ ਦੇ ਇਕਾਈ ਪ੍ਰਧਾਨ ਪ੍ਰੀਤਮ ਸਿੰਘ ਲਹਿਲ ਕਲਾਂ ਨੇ ਦੱਸਿਆ ਕਿ ਅਕਾਲੀ ਸਰਕਾਰ ਸਮੇਂ 2009-10 ਵਿੱਚ ਬਲਾਕ ਪੱਧਰ ਦੇ ਮਾਡਲ (ਆਦਰਸ਼) ਸਕੂਲ ਨੂੰ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤੱਕ ਸੀਬੀਐੱਸਈ ਬੋਰਡ ਦੇ ਅਧੀਨ ਖੋਲ੍ਹਿਆ ਗਿਆ। 2018 ਵਿੱਚ ਪ੍ਰਿੰਸੀਪਲ ਦੀ ਬਦਲੀ ਹੋ ਗਈ ਅਤੇ 2019 ਵਿੱਚ ਸਕੂਲ ਨੂੰ ਸੀਬੀਐੱਸਈ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੱਚਿਆਂ ਦੀ ਗਿਣਤੀ 363 ਤੋਂ ਘੱਟ ਕੇ 156 ਰਹਿ ਗਈ। 24 ਮਈ 2021 ਨੂੰ ਸਰਕਾਰੀ ਮਾਡਲ (ਆਦਰਸ਼) ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾ ਨੂੰ ਸਾਰੇ ਸਟਾਫ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾ ਵਿੱਚ ਮਿਲਾ (ਮਰਜ) ਦਿੱਤਾ ਗਿਆ। ਛੇ ਕਰੋੜ ਦੀ ਲਾਗਤ ਨਾਲ ਬਣਾਏ ਗਏ ਸਰਕਾਰੀ ਮਾਡਲ ਸਕੂਲ ਦੀਆਂ ਦੋ ਮੰਜ਼ਿਲਾ ਇਮਾਰਤ ਬਹੁਤ ਵਧੀਆ ਹੈ ਅਤੇ ਸਕੂਲ ਦਾ ਹੋਸਟਲ ਵੀ ਬਣਿਆ ਹੋਇਆ ਹੈ ਪਰ ਹੁਣ ਬੰਦ ਹੋਣ ਕਾਰਨ ਸਕੂਲ ਇਮਾਰਤ ਦੀ ਯੋਗ ਵਰਤੋਂ ਨਹੀਂ ਹੋ ਰਹੀ। ਉਥੇ ਹੀ ਪਿੰਡ ਦੇ ਬੱਚਿਆਂ ਨੂੰ ਇੰਨਾ ਵਧੀਆ ਸਰਕਾਰੀ ਸਕੂਲ ਹੁੰਦਿਆਂ ਹੋਇਆਂ ਵੀ ਮਹਿੰਗੀਆਂ ਫੀਸਾਂ ਭਰ ਕੇ ਨਿੱਜੀ (ਪ੍ਰਾਈਵੇਟ) ਲਹਿਰਾਗਾਗਾ ਦੇ ਸਕੂਲਾਂ ਵਿਚ ਜਾਣਾ ਪੈ ਰਿਹਾ ਹੈ।