ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਅਪਰੈਲ
ਇਲਾਕੇ ਦੇ ਪਿੰਡ ਫੱਗੂਵਾਲਾ, ਝਨੇੜੀ ਅਤੇ ਘਰਾਚੋਂ ਵਿੱਚ ਅੱਜ ਬਾਅਦ ਦੁਪਹਿਰ ਆਏ ਝੱਖੜ ਦੌਰਾਨ ਅੱਗ ਲੱਗਣ ਕਾਰਨ ਸੈਂਕੜੇ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਕਈ ਕਿਸਾਨਾਂ ਦੀ ਖੜ੍ਹੀ ਕਣਕ ਵੀ ਅੱਗ ਦੀ ਲਪੇਟ ਵਿੱਚ ਆ ਗਈ।
ਇਸ ਸਬੰਧੀ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਅੱਗ ਪਹਿਲਾਂ ਇੰਡੀਅਨ ਐਕਰੈਲਿਕਸ ਫੈਕਟਰੀ ਦੇ ਨੇੜਲੇ ਖੇਤਾਂ ਵਿੱਚ ਲੱਗੀ ਸੀ ਪਰ ਝੱਖੜ ਕਾਰਨ ਜਲਦੀ ਹੀ ਅੱਗ ਫੈਲ ਗਈ। ਉਨ੍ਹਾਂ ਦੱਸਿਆ ਅੱਗ ਲੱਗਣ ਦਾ ਪਤਾ ਲਗਦਿਆਂ ਹੀ ਪਿੰਡ ਦੇ ਲੋਕ ਟਰੈਕਟਰਾਂ ਸਮੇਤ ਅੱਗ ਨੂੰ ਬੁਝਾਉਣ ਵਿੱਚ ਜੁਟ ਗਏ। ਕਈ ਘੰਟਿਆਂ ਦੀ ਜਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਇਸੇ ਦੌਰਾਨ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਇਕ ਪਿੰਡ ਦੀ ਅੱਗ ਬੁਝਾਊ ਗੱਡੀ ਨੇ ਵੀ ਕਾਬੂ ਕਰਨ ਵਿੱਚ ਮਦਦ ਕੀਤੀ। ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ 100 ਏਕੜ ਦੇ ਲੱਗਭਗ ਨਾੜ ਸੜ ਗਿਆ ਜੋ ਜ਼ਿਆਦਾਤਰ ਘਰਾਚੋਂ ਪਿੰਡ ਦਾ ਰਕਬਾ ਹੈ। ਇਸੇ ਦੌਰਾਨ ਅੱਗ ਬੁਝਾਉਣ ਵਿੱਚ ਜੁਟੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਤੇ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਸੈਂਕੜੇ ਏਕੜ ਨਾੜ ਸੜ ਗਿਆ ਹੈ। ਉੁਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਇੱਥੋਂ ਨੇੜਲੇ ਪਿੰਡ ਕਣਕਵਾਲ ਭੰਗੂਆਂ ਵਿੱਚ 2 ਵਿੱਘੇ ਖੜ੍ਹੀ ਕਣਕ ਦੇ ਨਾਲ-ਨਾਲ ਲਗਭਗ 26 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਇਸ ਦੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰੈੱਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਭਾਵੇਂ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਸ ਨਾਲ ਕਈ ਕਿਸਾਨ ਵੱਡੀ ਮਾਰ ਹੇਠ ਆ ਗਏ ਹਨ। ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਪੁੱਤਰ ਇੰਦਰ ਸਿੰਘ ਦਾ 5 ਏਕੜ ਨਾੜ, ਭੂਰਾ ਸਿੰਘ ਦਾ 5 ਏਕੜ ਨਾੜ, ਗੋਬਿੰਦਰ ਸਿੰਘ ਦਾ 4 ਏਕੜ ਨਾੜ, ਗਾਮਾ ਸਿੰਘ ਦਾ 3 ਏਕੜ ਨਾੜ, ਚੰਦ ਸਿੰਘ ਦਾ 7 ਏਕੜ ਨਾੜ ਅਤੇ ਜੱਗਰ ਸਿੰਘ ਦਾ 2 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਜਦੋਂ ਕਿ ਭੂਰਾ ਸਿੰਘ ਦੀ 2 ਵਿੱਘੇ ਖੜੀ ਕਣਕ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਈ। ਇਸ ਮੌਕੇ ਇਕੱਤਰ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਸਰਕਾਰ ਤੋਂ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਰੱਖੀ ਹੈ।