ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਲੋੜਵੰਦ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡਾਂ ਦੇ ਵਿਰੋਧ ਵਿੱਚ ਅੱਜ ਇੱਥੇ ਫੂਡ ਸਪਲਾਈ ਵਿਭਾਗ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਆਪ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਲਾਰਾ ਬਲਿਆਲ, ਗੁਲਾਬ ਖਾਨ ਫੱਗੂਵਾਲਾ ਅਤੇ ਬਲਕਾਰ ਸਿੰਘ ਬਲਿਆਲ ਨੇ ਭੁੱਖ ਹੜਤਾਲ ਕੀਤੀ।ਇਸ ਮੌਕੇ ਪਾਰਟੀ ਦੇ ਆਗੂ ਦਿਨੇਸ਼ ਬਾਂਸਲ, ਹਰਭਜਨ ਸਿੰਘ ਹੈਪੀ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕਰੋਨਾਵਾਇਰਸ ਦੇ ਸੰਕਟ ਦੌਰਾਨ ਕੈਪਟਨ ਸਰਕਾਰ ਨੇ ਥੋਕ ਰੂਪ ਵਿੱਚ ਨੀਲੇ ਕਾਰਡ ਕੱਟ ਕੇ ਹਜ਼ਾਰਾਂ ਲੋੜ ਪਰਿਵਾਰਾਂ ਦੇ ਰਾਸ਼ਨ ਦੀ ਸਹੂਲਤ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਲਿਆਲ ਅਤੇ ਫੱਗੂਵਾਲਾ ਸਮੇਤ ਬਲਾਕ ਦੇ ਕਾਫੀ ਪਿੰਡਾਂ ਵਿੱਚ ਕਾਂਗਰਸੀ ਆਗੂਆਂ ਨੇ ਜਾਣ ਬੁੱਝ ਕੇ ਵਿਰੋਧੀ ਧਿਰ ਦੇ ਹਮਾਇਤੀ ਲੋੜਵੰਦ ਵਿਅਕਤੀਆਂ ਦੇ ਕਾਰਡ ਕਟਵਾ ਦਿੱਤੇ ਹਨ ਜਦੋਂ ਕਿ ਬਹੁਤ ਸਾਰੇ ਧਨਾਢ ਲੋਕ ਇਹ ਸਹੂਲਤਾਂ ਲੈ ਰਹੇ ਹਨ। ਭੁੱਖ ਹੜਤਾਲ ਤੇ ਬੈਠੇ ਆਗੂਆਂ ਨੇ ਕਿਹਾ ਕਿ ਜੇ ਵਿਭਾਗ ਵੱਲੋਂ ਲੋੜਵੰਦ ਵਿਅਕਤੀਆਂ ਦੇ ਕੱਟੇ ਹੋਏ ਨੀਲੇ ਕਾਰਡ ਦੁਬਾਰਾ ਨਾ ਬਣਾਏ ਗਏ ਤਾਂ ਉਹ ਮਰਨ ਵਰਤ ਸ਼ੁਰੂ ਕਰ ਦੇਣਗੇ। ਸਬੰਧਤ ਵਿਭਾਗ ਦੇ ਅਧਿਕਾਰੀ ਮਾਣਕਵੀਰ ਸਿੰਘ ਸੋਢੀ ਨੇ ਦੱਸਿਆ ਕਿ ਉਹ ਮਾਲ ਵਿਭਾਗ ਵੱਲੋਂ ਆਈ ਸੂਚੀ ਅਨੁਸਾਰ ਰਾਸ਼ਨ ਵੰਡਦੇ ਹਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਆਮ ਆਦਮੀ ਪਾਰਟੀ ਨੇ ਨੀਲੇ ਕਾਰਡ ਲਾਭ ਪਾਤਰੀ ਸੂਚੀ ‘ਚੋਂ ਯੋਗ ਲਾਭ ਪਾਤਰੀਆਂ ਦੇ ਨਾਂ ਕੱਟਣ ਖ਼ਿਲਾਫ਼ ਸਥਾਨਕ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਯੋਗ ਲਾਭਪਾਤਰੀਆਂ ਨੂੰ ਮੁੜ ਲਾਭ ਪਾਤਰੀ ਸੂਚੀ ‘ਚ ਸ਼ਾਮਲ ਕਰੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਜਰਗ ਨੇ ਕਿਹਾ ਕਿ ਹਲਕਾ ਅਮਰਗੜ੍ਹ ਅੰਦਰ ਹਜ਼ਾਰਾਂ ਯੋਗ ਲਾਭਪਾਤਰੀਆਂ ਦੇ ਨਾਂ ਸੂਚੀ ‘ਚੋਂ ਕੱਟੇ ਜਾ ਚੁੱਕੇ ਹਨ, ਜਿਸ ਕਾਰਨ ਗ਼ਰੀਬ ਵਰਗ ਨਾਲ ਸਬੰਧਤ ਬਹੁਤ ਸਾਰੇ ਗ਼ਰੀਬ ਪਰਿਵਾਰ ਮੁਫ਼ਤ ਆਟਾ -ਦਾਲ ਸਕੀਮ ਤੋਂ ਵਾਂਝੇ ਹੋ ਗਏ ਹਨ। ਪੀੜਤਾਂ ਨੇ ਤਹਿਸੀਲਦਾਰ ਬਾਦਲ ਦੀਨ ਨੂੰ ਮੰਗ ਪੱਤਰ ਦੇ ਕੇ ਮੁੜ ਲਾਭਪਾਤਰੀ ਸੂਚੀ ‘ਚ ਨਾਂ ਦਰਜ ਕਰਨ ਦੀ ਮੰਗ ਕੀਤੀ ਹੈ।